ਪ੍ਰਧਾਨ ਲੱਖੀ ਜਵੰਦਾ ਨੇ ਲੋਕਾਂ ਨੂੰ ਪੱਕੇ ਘਰ ਬਣਾਉਣ ਲਈ ਦਿੱਤੇ ਪੱਤਰ
ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਦਾ ਵੱਲੋਂ 359 ਪਰਿਵਾਰਾਂ ਨੂੰ ਕੱਚੇ ਘਰਾਂ ਤੋਂ ਪੱਕੇ ਘਰ ਬਣਾਉਣ ਦੇ ਦਿੱਤੇ ਪੱਤਰ
Publish Date: Sun, 18 Jan 2026 04:54 PM (IST)
Updated Date: Mon, 19 Jan 2026 04:06 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਕੱਚੇ ਘਰਾਂ ਤੋਂ ਪੱਕੇ ਘਰ ਬਣਾਉਣ ਲਈ ਮਿਲ ਰਹੀ ਮਾਲੀ ਮਦਦ ਦੇ ਅਧੀਨ ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਦਾ ਵੱਲੋਂ 359 ਪਰਿਵਾਰਾਂ ਨੂੰ ਪ੍ਰਵਾਨਗੀ ਪੱਤਰ ਵੰਡੇ। ਜਾਣਕਾਰੀ ਅਨੁਸਾਰ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾਉਣ ਲਈ ਢਾਈ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਦਿਵਾਉਣ ਲਈ ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਦਾ ਤੇ ਸਮੂਹ ਕੌਂਸਲਰ ਸਾਹਿਬਾਨਾਂ ਦੀ ਮਿਹਨਤ ਸਦਕਾ ਪਿਛਲੇ ਦਿਨੀਂ ਯੋਗ ਪਰਿਵਾਰਾਂ ਦੇ ਫਾਰਮ ਭਰੇ ਗਏ ਸਨ। ਫਾਰਮਾਂ ਦੀ ਜਾਂਚ ਤੋਂ ਬਾਅਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 359 ਘਰਾਂ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸ ਸਬੰਧੀ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਦਾ ਦੇ ਨਿਵਾਸ ਸਥਾਨ ‘ਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਸਾਹਿਬਾਨਾਂ ਦੀ ਮੌਜੂਦਗੀ ਵਿਚ ਲਾਭਪਾਤਰੀ ਪਰਿਵਾਰਾਂ ਨੂੰ ਪ੍ਰਵਾਨਗੀ ਪੱਤਰ ਵੰਡੇ ਗਏ। ਪੱਤਰ ਮਿਲਣ ‘ਤੇ ਇਨ੍ਹਾਂ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਮੌਕੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਦਾ ਨੇ ਕਿਹਾ ਕਿ ਹਰ ਲਾਭਪਾਤਰੀ ਪਰਿਵਾਰ ਨੂੰ ਢਾਈ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਵੇਗੀ ਅਤੇ ਇਹ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ 359 ਘਰਾਂ ਲਈ ਕੁੱਲ 8 ਕਰੋੜ 97 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਲਾਭਪਾਤਰੀ ਪਰਿਵਾਰਾਂ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਦਾ ਅਤੇ ਸਮੂਹ ਕੌਂਸਲਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਿਲ ਰਹੀ ਰਾਸ਼ੀ ਨੂੰ ਨਵੇਂ ਘਰ ਬਣਾਉਣ ਲਈ ਹੀ ਵਰਤਿਆ ਜਾਵੇਗਾ। ਇਸ ਦੌਰਾਨ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਹਾਜ਼ਰ ਸਨ।