ਦਵਾਈ ਫੈਕਟਰੀ ‘ਚ ਸਿਹਤ ਵਿਭਾਗ ਨੇ ਕੀਤੀ ਚੈਕਿੰਗ
ਇੰਡਸਟਰੀ ਏਰੀਆ ਗਰੋਥ ਸੈਂਟਰ ਦੀ ਦਵਾਈ ਫੈਕਟਰੀ ‘ਚ ਸਿਹਤ ਵਿਭਾਗ ਦੀ ਚੈਕਿੰਗ
Publish Date: Sat, 17 Jan 2026 05:05 PM (IST)
Updated Date: Sun, 18 Jan 2026 04:07 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੇ ਇੰਡਸਟਰੀ ਏਰੀਆ ਗਰੋਥ ਸੈਂਟਰ ਵਿੱਚ ਸਥਿਤ ਇਕ ਦਵਾਈ ਉਤਪਾਦਨ ਫੈਕਟਰੀ ਵਿਚ ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਵੱਲੋਂ ਅਚਾਨਕ ਜਾਂਚ ਕੀਤੀ ਗਈ। ਇਸ ਕਾਰਵਾਈ ਵਿੱਚ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਦੀਆਂ ਟੀਮਾਂ ਸ਼ਾਮਲ ਰਹੀਆਂ। ਸਿਹਤ ਵਿਭਾਗ ਨੂੰ ਫੈਕਟਰੀ ਵਿੱਚ ਸੰਦੇਹਜਨਕ ਸਰਗਰਮੀਆਂ ਦੀ ਜਾਣਕਾਰੀ ਮਿਲੀ ਸੀ।
ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰਾਂ ਨੇ ਆਪਸ ਵਿੱਚ ਸਾਂਝਾ ਕੀਤਾ। ਇਸ ਤੋਂ ਬਾਅਦ ਸੰਯੁਕਤ ਟੀਮਾਂ ਤਿਆਰ ਕਰ ਕੇ ਫੈਕਟਰੀ ਵਿਚ ਜਾਂਚ ਕੀਤੀ। ਖਬਰ ਲਿਖੇ ਜਾਣ ਤਕ ਸਿਹਤ ਵਿਭਾਗ ਦੀਆਂ ਟੀਮਾਂ ਫੈਕਟਰੀ ਦੇ ਸਟਾਫ ਤੋਂ ਪੁੱਛਗਿੱਛ ਕਰ ਰਹੀਆਂ ਸਨ ਅਤੇ ਜਾਂਚ ਕੀਤੀ ਜਾ ਰਹੀ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਫੈਕਟਰੀ ਕੋਲ ਡਰੱਗ ਪ੍ਰੋਡਕਸ਼ਨ ਲਈ ਲਾਇਸੈਂਸ ਮੌਜੂਦ ਹੈ। ਫੈਕਟਰੀ ਵਿੱਚ ਵਰਤੇ ਜਾਣ ਵਾਲੇ ਕੱਚੇ ਮਾਲ, ਤਿਆਰ ਦਵਾਈਆਂ ਦਾ ਸਟਾਕ, ਬਿੱਲ ਅਤੇ ਹੋਰ ਲਿਖਤੀ ਦਸਤਾਵੇਜ਼ਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਵਿੱਚ ਤਿੰਨ ਕਿਸਮ ਦੀਆਂ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਲਾਇਸੈਂਸ ਉਨ੍ਹਾਂ ਕੋਲ ਉਪਲੱਬਧ ਹੈ। ਫੈਕਟਰੀ ਚਾਰ ਮੰਜ਼ਿਲਾਂ ਇਮਾਰਤ ਵਿਚ ਚਲ ਰਹੀ ਹੈ ਅਤੇ ਉਥੇ ਬਹੁਤ ਵੱਡਾ ਸਟੌਕ ਮੌਜੂਦ ਹੈ, ਜਿਸ ਦੀ ਜਾਂਚ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਕੀਤੀ ਜਾਵੇਗੀ। ਜੇਕਰ ਜਾਂਚ ਵਿੱਚ ਕੋਈ ਗੈਰਕਾਨੂੰਨੀ ਗਤੀਵਿਧੀ ਸਾਹਮਣੇ ਆਉਂਦੀ ਹੈ, ਤਾਂ ਇਸ ਦੇ ਸਬੰਧਤ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਕਿਸੇ ਵੀ ਅਣਚਾਹੀ ਸਥਿਤੀ ਨਾਲ ਨਿਪਟਣ ਲਈ, ਸਿਹਤ ਵਿਭਾਗ ਦੀਆਂ ਟੀਮਾਂ ਨਾਲ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਨੇ ਇਹ ਵੀ ਕਿਹਾ ਕਿ ਫੈਕਟਰੀ ਵਿੱਚ ਵਰਤੀ ਜਾ ਰਹੀ ਹਰ ਚੀਜ਼ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।