ਖੇਡਾਂ ’ਚ ਪ੍ਰਭਨੂਰ ਸਿੰਘ ਨੇ ਸੇਂਟ ਜ਼ੇਵੀਅਰਜ਼ ਸਕੂਲ ਦਾ ਨਾਂ ਕੀਤਾ ਰੌਸ਼ਨ
ਨੈਸ਼ਨਲ ਖੇਡਾਂ ਵਿੱਚ ਪ੍ਰਭਨੂਰ ਸਿੰਘ ਨੇ ਸੇਂਟ ਜ਼ੇਵੀਅਰਜ ਸਕੂਲ ਦਾ ਨਾਮ ਰੌਸ਼ਨ ਕੀਤਾ
Publish Date: Sat, 17 Jan 2026 04:41 PM (IST)
Updated Date: Sun, 18 Jan 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਦੇ ਜਮਾਤ-1 ਨਾਨ-ਮੈਡੀਕਲ ਦੇ ਹੋਣਹਾਰ ਵਿਦਿਆਰਥੀ ਪ੍ਰਭਨੂਰ ਸਿੰਘ ਧਾਲੀਵਾਲ ਨੇ ਨੈਸ਼ਨਲ ਸਕੂਲ ਖੇਡਾਂ 2025 ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਇਹ ਖੇਡਾਂ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਵਿੱਚ ਕਰਵਾਈਆਂ, ਜਿੱਥੇ ਪ੍ਰਭਨੂਰ ਸਿੰਘ ਨੇ ਅੰਡਰ-17 ਵਰਗ ਵਿਚ ਐਥਲੈਟਿਕਸ ਦੀ 400 ਮੀਟਰ ਰਿਲੇ ਦੌੜ ਵਿੱਚ ਭਾਗ ਲੈਂਦਿਆਂ ਓਵਰਆਲ ਪੰਜਵਾਂ ਸਥਾਨ ਪ੍ਰਾਪਤ ਕੀਤਾ। ਪ੍ਰਭਨੂਰ ਸਿੰਘ ਦੀ ਇਹ ਉਪਲੱਬਧੀ ਉਸ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ। ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਅਤੇ ਮੈਨੇਜਰ ਫਾਦਰ ਆਂਦਰੇ ਫਰਨਾਂਡੀਜ਼ ਨੇ ਵਿਦਿਆਰਥੀ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ ਤੇ ਭਵਿੱਖ ’ਚ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਨਾਲ ਹੀ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਖੇਡਾਂ ਦੇ ਮਾਹਰ ਅਧਿਆਪਕ ਗੁਰਪਿੰਦਰ ਸਿੰਘ ਭੁੱਲਰ, ਪਰਮਿੰਦਰ ਸਿੰਘ, ਅਮਨਦੀਪ ਕੌਰ ਤੇ ਮਿਸ ਜੋਤੀ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਵੀ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਆਸ ਜਤਾਈ ਕਿ ਸਕੂਲ ਦੇ ਖੇਡ ਅਧਿਆਪਕ ਭਵਿੱਖ ’ਚ ਹੋਰ ਵੱਧ ਤੋਂ ਵੱਧ ਨੈਸ਼ਨਲ ਪੱਧਰ ਦੇ ਖਿਡਾਰੀ ਤਿਆਰ ਕਰ ਕੇ ਸੰਸਥਾ ਦਾ ਮਾਣ ਵਧਾਉਣਗੇ।