ਸੀਐਮ ਦੀ ਯੋਗਸ਼ਾਲਾ ਮੁਹਿੰਮ ਲੋਕਾਂ ਲਈ ਹੋ ਰਹੀ ਵਰਦਾਨ ਸਾਬਤ : ਡੀਸੀ
ਸੀਐਮ ਦੀ ਯੋਗਸ਼ਾਲਾ ਮੁਹਿੰਮ ਜ਼ਿਲ੍ਹੇ ਦੇ ਲੋਕਾਂ ਲਈ ਹੋ ਰਹੀ ਹੈ ਵਰਦਾਨ ਸਾਬਤ : ਡਿਪਟੀ ਕਮਿਸ਼ਨਰ
Publish Date: Fri, 16 Jan 2026 06:57 PM (IST)
Updated Date: Sat, 17 Jan 2026 04:13 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਮੁਹਿੰਮ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਜ਼ਿਲ੍ਹੇ ਦੇ ਹਰ ਉਮਰ ਦੇ ਲੋਕਾਂ ਵੱਲੋਂ ਇਸ ਮੁਹਿੰਮ ਵਿਚ ਆਪਣੀ ਸਵੈ-ਇੱਛਾ ਤੇ ਉਤਸਾਹਪੂਰਵਕ ਸ਼ਮੂਲੀਅਤ ਕਰਦਿਆਂ ਵੱਧ ਚੜ੍ਹ ਕੇ ਹਿਸਾ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਇਸ ਮੌਕੇ ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ, ਨੌਜਵਾਨਾਂ, ਬਜੁਰਗਾਂ ਸਮੇਤ ਹਰ ਉਮਰ ਦੇ ਲੋਕਾਂ ਨੂੰ ਸਿਹਤਮੰਤ ਰੱਖਣ ਲਈ ਸੀਐਮ ਦੀ ਯੋਗਸ਼ਾਲਾ ਮੁਹਿੰਮ ਚਲਾਈ ਗਈ ਹੈ, ਜਿਸ ਦਾ ਹਰੇਕ ਨਾਗਰਿਕ ਨੂੰ ਲਾਹਾ ਲੈਣਾ ਚਾਹੀਦਾ ਹੈ।ਸੀਐਮ ਯੋਗਸ਼ਾਲਾ ਦੇ ਬਠਿੰਡਾ ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿਖੇ ਸਵੇਰੇ ਅਤੇ ਸ਼ਾਮ ਨੂੰ ਯੋਗਾ ਸੈਸ਼ਨ ਲਗਾਇਆ ਜਾਂਦਾ ਹੈ, ਜਿਸ ਵਿਚ ਯੋਗਾ ਇੰਸਟ੍ਰਕਟਰ ਹਰਸ਼ ਸ਼ਰਮਾ ਦੁਆਰਾ ਹਰ ਰੋਜ਼ ਲਗਭਗ 50 ਲੋਕਾਂ ਨੂੰ ਯੋਗਾ ਸਿਖਾਇਆ ਜਾ ਰਿਹਾ ਹੈ। ਇਨ੍ਹਾਂ ਸੈਸ਼ਨਾਂ ’ਚ ਆਰਾਮ, ਧਿਆਨ, ਸੂਖਮ ਵੇਆਮ, ਯੋਗ ਆਸਣ, ਪ੍ਰਾਣਾਯਾਮ ਤੇ ਧਿਆਨ ਆਦਿ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ ਜੋ ਮਰੀਜ਼ਾਂ ਨੂੰ ਤਣਾਅ ਘਟਾਉਣ ਅਤੇ ਸਿਹਤਮੰਦ ਬਣਨ ਵਿੱਚ ਮਦਦ ਕਰਦੀਆਂ ਹਨ। ਨਸ਼ਾ ਛੁੜਾਊ ਕੇਂਦਰ ’ਚ ਨਸ਼ਾ ਛੱਡਣ ਆਏ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਯੋਗ ਕਰਨ ਦੇ ਨਾਲ ਮੇਰੇ ਸਰੀਰ ਦੀ ਲਚਕੀਲਾਪਨ ਅਤੇ ਨਸ਼ੇ ਦੀ ਤੋੜ ਨਾਲ ਹੋਣ ਵਾਲੇ ਦਰਦ ਵੀ ਠੀਕ ਹੋ ਰਹੇ ਹਨ। ਇਸ ਤਰ੍ਹਾਂ ਰਾਜਵਿੰਦਰ ਸਿੰਘ ਦੱਸਿਆ ਕਿ ਹਾਦਸੇ ਕਾਰਨ ਮੇਰੇ ਲੱਤ ’ਚ ਦਰਦ ਰਹਿੰਦਾ ਸੀ ਜੋ ਕਿ ਯੋਗ ਕਰਨ ਦੇ ਨਾਲ ਮੇਰਾ ਪੁਰਾਣਾ ਦਰਦ ਠੀਕ ਹੋ ਰਿਹਾ ਹੈ। ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਵਾਂ ਜੀਵਨ ਦੇਣਾ ਹੈ ਤੇ ਨਾਲ ਹੀ ਉਨ੍ਹਾਂ ਨੂੰ ਸਵੈ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣਾਉਣਾ ਹੈ। ਨਸ਼ਾ ਛੱਡਣ ਦੇ ਚਾਹਵਾਨ ਲੋਕ ਇਸ ਪਹਿਲਕਦਮੀ ਵਿਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਆਮ ਜ਼ਿੰਦਗੀ ਵੱਲ ਵਧ ਰਹੇ ਹਨ। ਸਰਕਾਰ ਦਾ ਇਹ ਕਦਮ ਨਸ਼ਾ ਛੁਡਾਊ ਦੇ ਖੇਤਰ ’ਚ ਇਕ ਨਵੀਂ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ, ਜਿਸ ਨਾਲ ਨਾ ਸਿਰਫ਼ ਨਸ਼ਾ ਕਰਨ ਵਾਲਿਆਂ ਨੂੰ ਸਗੋਂ ਸਮਾਜ ਨੂੰ ਵੀ ਲਾਭ ਹੋ ਰਿਹਾ ਹੈ।