- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਦੀਵਾਨ ਦੇ ਪ੍ਰਧਾਨ ਨੇ ਦੂਜੇ ਦਿਨ ਫਿਰ ਲਾਇਆ ਡੀਈਓ ਦਫ਼ਤਰ ਅੱਗੇ ਧਰਨਾ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਅਤੇ ਇਸ ਅਧੀਨ ਚੱਲ ਰਹ ਖਾਲਸਾ ਸਕੂਲ ਦੇ ਪ੍ਰਿੰਸੀਪਲ ਦਰਮਿਆਨ ਚੱਲ ਰਿਹਾ ਰੇੜਕਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਪ੍ਰਬੰਧਕੀ ਕਮੇਟੀ ਨੇ ਸਕੂਲ ਦੇ ਪ੍ਰਿੰਸੀਪਲ ਖਿਲਾਫ਼ ਮਤਾ ਪਾਇਆ ਹੈ, ਪਰ ਫਿਰ ਵੀ ਪ੍ਰਿੰਸੀਪਲ ਆਪਣੇ ਅਹੁਦੇ ’ਤੇ ਕੰਮ ਰਹੇ ਹਨ। ਇਸ ਰੇੜਕੇ ਕਾਰਨ ਸਿੱਖਿਆ ਵਿਭਾਗ ’ਤੇ ਪ੍ਰਿੰਸੀਪਲ ਦੀ ਮਦਦ ਕਰਨ ਦੇ ਦੋਸ਼ ਲਾਉਦਿਆਂ ਖਾਲਸਾ ਦੀਵਾਨ ਸਿੰਘ ਸਭਾ ਦੇ ਪ੍ਰਧਾਨ ਹਰਦੀਪਕ ਸਿੰਘ ਨੇ ਡੀਈਓ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਜਦੋਂ ਤਕ ਉਸਨੂੰ ਇਨਸਾਫ਼ ਨਹੀਂ ਮਿਲਦਾ ਧਰਨਾ ਲਗਾਤਾਰ ਜਾਰੀ ਰਹੇਗਾ। ਬਠਿੰਡਾ ਦੇ ਮਿੰਨੀ ਸੈਕਟਰੀਏਟ ਦੀ ਤੀਜੀ ਮੰਜ਼ਿਲ ’ਤੇ ਸਥਿਤ ਡੀਈਓ ਦਫ਼ਤਰ (ਸੈਕੰਡਰੀ ਸਿੱਖਿਆ) ਅੱਗੇ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਵੱਲੋਂ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਇਹ ਧਰਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਕੰਮਕਾਜੀ ਦਿਨਾਂ ਦੌਰਾਨ ਲਗਾਇਆ ਜਾ ਰਿਹਾ ਹੈ। ਧਰਨੇ ’ਦੇ ਬੈਠੇ ਪ੍ਰਧਾਨ ਹਰਦੀਪਕ ਸਿੰਘ ਪ੍ਰਧਾਨ ਖਾਲਸਾ ਦੀਵਾਨ ਨੇ ਡੀਈਓ ਬਠਿੰਡਾ (ਸੈਕੰਡਰੀ ਸਿੱਖਿਆ) ’ਤੇ ਕਈ ਗੰਭੀਰ ਦੋਸ਼ ਲਗਾਏ ਹਨ, ਪਰ ਡੀਈਓ ਨੇ ਅਜਿਹੇ ਦੋਸ਼ਾਂ ਨੂੰ ਨਿਰਅਧਾਰ ਕਰਾਰ ਦਿੱਤਾ ਹੈ। ਹਰਦੀਪਕ ਸਿੰਘ ਨੇ ਦੱਸਿਆ ਕਿ ਧਰਨੇ ਦਾ ਸਭ ਤੋਂ ਮੁੱਖ ਕਾਰਨ ਇਹ ਹੈ ਕਿ ਡੀਈਓ ਵੱਲੋਂ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਸਿੰਘ ਸਭਾ ਗੁਰਦੁਆਰਾ ਅਧੀਨ ਚੱਲਦੇ ਖਾਲਸਾ ਸਕੂਲ ਲਈ ਵਿੱਦਿਅਕ ਮਾਹਿਰ ਦੀ ਮੰਨਜ਼ੂਰੀ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਸਕੂਲ ਦੀ ਮੈਨੇਜਮੈਂਟ ਅਧਿਕਾਰਤ ਤੌਰ ’ਤੇ ਕੋਈ ਵੀ ਜਰੂਰੀ ਕੰਮ ਨਹੀਂ ਕਰ ਸਕਦੀ ਅਤੇ ਸਕੂਲ ਪ੍ਰਬੰਧ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੂਜਾ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਕਮੇਟੀ ਵੱਲੋਂ ਸਸਪੈਂਡ ਕੀਤੇ ਗਏ ਪ੍ਰਿੰਸੀਪਲ ਜਗਤਾਰ ਸਿੰਘ ਦੇ ਦਸਤਖ਼ਤਾਂ ਨੂੰ ਸਕੂਲ ਦੇ ਸਰਕਾਰੀ ਕੰਮਕਾਜ ਵਿੱਚ ਮੰਨਿਆ ਜਾ ਰਿਹਾ ਹੈ।
ਇੱਥੋਂ ਤਕ ਕਿ ਉਸ ਨੂੰ ਸਰਕਾਰੀ ਇਮਤਿਹਾਨਾਂ ਦੌਰਾਨ ਡਿਊਟੀਆਂ ਲਗਾ ਕੇ ਕੰਟਰੋਲਰ ਤਕ ਬਣਾਇਆ ਗਿਆ, ਜਦਕਿ ਉਸੇ ਪ੍ਰਿੰਸੀਪਲ ਦਾ ਨਾਮ ਹਾਲ ਹੀ ਵਿੱਚ ਸਰਕਾਰੀ ਪ੍ਰੀਖਿਆਵਾਂ ਦੀ ਘਪਲੇਬਾਜ਼ੀ ਨਾਲ ਜੁੜੇ ਮਾਮਲੇ ਵਿੱਚ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਸਵਾਲਾਂ ਦੇ ਘੇਰੇ ’ਚ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਤੀਜੇ ਕਾਰਨ ਬਾਰੇ ਗੱਲ ਕਰਦਿਆਂ ਪ੍ਰਧਾਨ ਨੇ ਦੋਸ਼ ਲਗਾਇਆ ਕਿ ਬਿਨਾਂ ਕਿਸੇ ਜਾਂਚ ਜਾਂ ਕਮੇਟੀ ਤੋਂ ਪੁੱਛਗਿੱਛ ਕੀਤੇ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਖ਼ਾਰਜ ਕਰਕੇ ਸਕੂਲ ਵਿੱਚ ਪ੍ਰਬੰਧਕ ਨਿਯੁਕਤ ਕਰਨ ਸਬੰਧੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਲੋਕਤੰਤਰਿਕ ਅਤੇ ਸੰਸਥਾਵਾਂ ਦੀ ਖੁਦਮੁਖਤਿਆਰੀ ’ਤੇ ਹਮਲਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਟਾਫ਼ ਦੀ ਤਨਖਾਹ ਕਮੇਟੀ ਤੋਂ ਬਿਨਾਂ ਪੁੱਛੇ ਪਵਾਉਣ ਲਈ ਅਰਜ਼ੀ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ, ਜਿਸ ਦੀ ਪੁਸ਼ਟੀ ਸੂਤਰਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰਾ ਮਾਮਲਾ ਗੰਭੀਰ ਪ੍ਰਸ਼ਾਸਨਿਕ ਗੜਬੜ ਅਤੇ ਮਨਮਰਜ਼ੀ ਨੂੰ ਦਰਸਾਉਂਦਾ ਹੈ। ਧਰਨੇ ’ਤੇ ਬੈਠੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਡੀਈਓ ਦਫ਼ਤਰ ਵੱਲੋਂ ਤੁਰੰਤ ਇਨਸਾਫ਼ ਨਹੀਂ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਕਾਰਨ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।