ਗੁਰਪ੍ਰੀਤ ਸਿੰਘ ਪਰਜਾਪਤ ਯੂਕੇ ਨੇ 20 ਬੱਚੀਆਂ ਨੂੰ ਦਿੱਤੇ ਤੋਹਫ਼ੇ
ਗੁਰਪ੍ਰੀਤ ਸਿੰਘ ਪਰਜਾਪਤ ਯੂਕੇ ਵੱਲੋਂ 20 ਲੜਕੀਆਂ ਦੀ ਤੀਜੀ ਲੋਹੜੀ ਵੰਡੀ
Publish Date: Fri, 16 Jan 2026 05:17 PM (IST)
Updated Date: Sat, 17 Jan 2026 04:07 AM (IST)
ਗੁਰਨੈਬ ਸਾਜਨ, ਪੰਜਾਬੀ ਜਾਗਰਣ
ਬੱਲੂਆਣਾ : ਪਿੰਡ ਦਿਉਣ ਦੇ ਮੋਤੀ ਰਾਮ ਪਰਜਾਪਤ ਦੇ ਯੂਕੇ ਵਿਚ ਰਹਿੰਦੇ ਪੋਤਰੇ ਗੁਰਪ੍ਰੀਤ ਸਿੰਘ ਪਰਜਾਪਤ ਵੱਲੋਂ ਆਪਣੇ ਪਿੰਡ ਦਿਉਣ ਦੀਆਂ ਨਵਜੰਮੀਆਂ ਧੀਆਂ ਦਾ ਸਤਿਕਾਰ ਕਰਦਿਆਂ ਹਰ ਸਾਲ ਦੀ ਤਰ੍ਹਾਂ ਧੀਆਂ ਦੀ ਤੀਜੀ ਲੋਹੜੀ ਵੰਡੀ ਗਈ। ਪਿੰਡ ਦੇ ਗਰਾਊਂਡ ਘਰ ਵਿਚ ਲੋਹੜੀ ਬਾਲੀ। ਸਰਪੰਚ ਗੁਰਦੇਵ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਨਵਜੰਮੀਆਂ ਧੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਗਰਮ ਕੱਪੜੇ, ਸਗਨ, ਮੂੰਗਫ਼ਲੀਆਂ ਅਤੇ ਰਿਉੜੀਆਂ ਵੰਡ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਮੋਤੀ ਰਾਮ ਦੇ ਪੋਤਰੇ ਗੁਰਪ੍ਰੀਤ ਸਿੰਘ ਪਰਜਾਪਤ ਲੰਬੇ ਸਮੇਂ ਤੋਂ ਯੂਕੇ ਵਿੱਚ ਰਹਿ ਰਹੇ ਹਨ। ਉਹ ਆਪਣੀ ਕਿਰਤ-ਕਮਾਈ ਵਿੱਚੋਂ ਦਸਵੰਧ ਕੱਢ ਕੇ ਹਰ ਸਾਲ ਨਵਜੰਮੀਆਂ ਧੀਆਂ ਦੀ ਤੀਜੀ ਲੋਹੜੀ ਆਪਣੇ ਮਾਪਿਆਂ ਰਾਹੀਂ ਪਿੰਡ ਵਿੱਚ ਮਨਾਉਂਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਪਰਜਾਪਤ ਦੇ ਪਿਤਾ ਜਗਦੀਸ਼ ਸਿੰਘ ਅਤੇ ਮਾਤਾ ਆਂਗਣਵਾੜੀ ਵਰਕਰ ਰਾਜ ਕੌਰ ਵੱਲੋਂ ਪਿੰਡ ਦਿਉਣ ਦੇ ਗਰਾਊਂਡ ਘਰ ਵਿੱਚ ਲੋਹੜੀ ਬਾਲ ਕੇ ਨਵਜੰਮੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਤਿਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਪੱਖੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ। ਧੀਆਂ ਸਹੁਰੇ ਘਰ ਰਹਿ ਕੇ ਵੀ ਆਪਣੇ ਮਾਪਿਆਂ ਦੀ ਚਿੰਤਾ ਕਰਦੀਆਂ ਹਨ, ਜਦਕਿ ਕੁਝ ਪੁੱਤਰ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਦਿੰਦੇ ਹਨ। ਅੱਜ ਦੀ ਧੀ ਵਿਗਿਆਨੀ, ਇੰਜੀਨੀਅਰ, ਡਾਕਟਰ, ਸਿਆਸਤਦਾਨ, ਜੱਜ ਆਦਿ ਬਣ ਕੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ। ਇਸ ਲਈ ਸਾਨੂੰ ਧੀਆਂ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਆਂਗਣਵਾੜੀ ਵਰਕਰਾਂ ਅਤੇ ਆਸਾ ਵਰਕਰਾਂ ਵੱਲੋਂ ਸਾਂਝੇ ਤੌਰ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਗਿੱਧਾ ਪਾ ਕੇ ਧੀਆਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਇਸ ਸਮਾਗਮ ਵਿੱਚ ਸਰਪੰਚ ਗੁਰਦੇਵ ਸਿੰਘ, ਪੰਚ ਮਹਿੰਦਰ ਸਿੰਘ, ਰੂਪ ਸਿੰਘ, ਮੰਦਰ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਆਂਗਣਵਾੜੀ ਵਰਕਰ ਰਾਜ ਕੌਰ, ਸਰਬਜੀਤ ਕੌਰ, ਮਹਿੰਦਰ ਕੌਰ, ਜਗਦੀਸ਼ ਕੌਰ, ਬਲਵੰਤ ਕੌਰ, ਆਸਾ ਵਰਕਰ ਸੁਖਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਜਸਵੀਰ ਕੌਰ, ਸ਼ਰਨ ਪਾਲ ਕੌਰ, ਜਗਦੀਸ਼ ਸਿੰਘ ਪਰਜਾਪਤ, ਸੁਰਜੀਤ ਸਿੰਘ ਪਰਜਾਪਤ ਆਦਿ ਹਾਜ਼ਰ ਸਨ।