ਸਹਿਯੋਗ ਸੰਸਥਾ ਨੇ ਲੋੜਵੰਦ ਔਰਤਾਂ ਨੂੰ ਵੰਡੀਆਂ ਜਰਸੀਆਂ
ਸਹਿਯੋਗ ਸੰਸਥਾ ਵੱਲੋਂ ਲੋੜਵੰਦ ਔਰਤਾਂ ਨੂੰ ਜਰਸੀਆਂ ਵੰਡੀਆਂ
Publish Date: Fri, 16 Jan 2026 05:01 PM (IST)
Updated Date: Sat, 17 Jan 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਸ਼ਹਿਰ ਦੀ ਮਸ਼ਹੂਰ ਸਮਾਜ-ਸੇਵੀ ਸੰਸਥਾ ਸਹਿਯੋਗ ਵੱਲੋਂ ਅਗਰਵਾਲ ਕਲੋਨੀ ਵਿਚ ਇਕ ਸਲਾਘਾਯੋਗ ਸਮਾਜਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਵਾਲੀਆਂ ਲਗਭਗ 100 ਲੋੜਵੰਦ ਔਰਤਾਂ ਨੂੰ ਸਰਦੀ ਤੋਂ ਬਚਾਅ ਲਈ ਜਰਸੀਆਂ ਵੰਡੀਆਂ। ਇਹ ਸਮਾਗਮ ਸੰਸਥਾ ਦੇ ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੇਵਾ ਕਾਰਜ ਵਿਚ ਸ਼ਹਿਰ ਦੇ ਪ੍ਰਮੁੱਖ ਬਿਲਡਰ ਪਰਮਦੀਪ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਹਿਯੋਗ ਸੰਸਥਾ ਵੱਲੋਂ ਸਾਲਾਂ ਤੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਐਡਵੋਕੇਟ ਮੋਹਨ ਲਾਲ ਗਰਗ ਨੇ ਦੱਸਿਆ ਕਿ ਸਹਿਯੋਗ ਸੰਸਥਾ ਪਿਛਲੇ ਕਰੀਬ 15 ਸਾਲਾਂ ਤੋਂ ਘਰੇਲੂ ਕੰਮ-ਕਾਜੀ ਔਰਤਾਂ ਦੀ ਨਿਰੰਤਰ ਮਦਦ ਕਰਦੀ ਆ ਰਹੀ ਹੈ। ਸੰਸਥਾ ਵੱਲੋਂ ਸਮੇਂ-ਸਮੇਂ ਉਨ੍ਹਾਂ ਨੂੰ ਸਰਦੀਆਂ ਅਤੇ ਗਰਮੀਆਂ ਦੇ ਕੱਪੜੇ, ਰਾਸ਼ਨ ਤੇ ਹੋਰ ਲੁੜੀਂਦੀ ਸਮੱਗਰੀ ਦਿੱਤੀ ਜਾਂਦੀ ਹੈ। ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਵਿੱਚ ਮਦਦ ਕਰਨਾ ਅਤੇ ਔਰਤਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵੱਖ-ਵੱਖ ਕੰਮਾਂ ਲਈ ਲੋਨ ਦੀ ਵਿਵਸਥਾ ਕਰਵਾਉਣਾ ਵੀ ਸੰਸਥਾ ਦੇ ਮੁੱਖ ਕਾਰਜਾਂ ’ਚ ਸ਼ਾਮਲ ਹੈ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਰਾਕੇਸ਼ ਗੋਇਲ, ਮੈਂਬਰ ਪ੍ਰੇਮ ਗਰਗ ਅਤੇ ਅਸ਼ਵਨੀ ਬੱਸੀ ਵੀ ਖ਼ਾਸ ਤੌਰ ’ਤੇ ਮੌਜੂਦ ਰਹੇ। ਸਾਰਿਆਂ ਨੇ ਮਿਲ ਕੇ ਇਸ ਸੇਵਾ ਕਾਰਜ ਨੂੰ ਸਫਲ ਬਣਾਇਆ ਅਤੇ ਅੱਗੇ ਵੀ ਅਜਿਹੇ ਸਮਾਜ-ਸੇਵੀ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ।