ਪੰਜਾਬੀ ਮੰਚ ਨੇ ਭਖ਼ਦੇ ਮਸਲੇ 'ਤੇ ਕੀਤੀ ਚਰਚਾ
ਪੰਜਾਬੀ ਮੰਚ ਨੇ ਮੌਜੂਦਾ ਭਖ਼ਦੇ ਮਸਲੇ 'ਤੇ ਵਿਚਾਰ ਚਰਚਾ ਕੀਤੀ
Publish Date: Fri, 16 Jan 2026 04:37 PM (IST)
Updated Date: Sat, 17 Jan 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਵਿਦੇਸ਼ ਦੀ ਧਰਤੀ ਉੱਤੇ ਰਹਿ ਕੇ ਪੰਜਾਬੀ ਮੰਚ ਲਾਈਵ ਯੂਐੱਸਏ ਲਗਾਤਾਰ ਮਾਤ ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਲਈ ਸੁਹਿਰਦ ਉਪਰਾਲੇ ਕਰਦਾ ਆ ਰਿਹਾ ਹੈ। ਇਹ ਵਿਚਾਰ ਮੰਚ ਦੇ ਸੰਚਾਲਕ ਅਮਰੀਕ ਸਿੰਘ ਕੰਗ ਨੇ ਸਾਂਝੇ ਕੀਤੇ। ਭਾਰਤ ਦੇ ਭਖਦੇ ਮਸਲੇ ਹਿੰਦੁਸਤਾਨ ’ਚ ਇਸਾਈਆਂ ਉੱਪਰ ਹਮਲੇ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ। ਆਇਰਲੈਂਡ ਤੋਂ ਧਰਮਿੰਦਰ ਸਿੰਘ ਕੰਗ ਇਸ ਵਿਚਾਰ ਚਰਚਾ ਦਾ ਸੰਚਾਲਨ ਕਰ ਰਹੇ ਸਨ। ਯੂਐੱਸਏ ਤੋਂ ਅਮਰੀਕ ਸਿੰਘ ਕੰਗ ਨੇ ਘੱਟ ਗਿਣਤੀਆਂ ਵਿਚ ਇਸਾਈ ਭਾਈਚਾਰੇ ਉੱਤੇ ਵੱਧ ਰਹੇ ਹਮਲਿਆਂ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਲੰਘੇ ਸਾਲ 2025 ’ਚ ਰਿਪੋਰਟ ਵਾਈਜ਼ ਇਨ੍ਹਾਂ ਹਮਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਉੱਪਰ ਹਮਲੇ ਸਾਡੇ ਦੇਸ਼ ਦੀ ਆਨ ਤੇ ਸ਼ਾਨ ਨੂੰ ਦੁਨੀਆ ਅੱਗੇ ਨੀਵਾਂ ਕਰਦੇ ਹਨ। ਇਸ ਵਿਚਾਰ ਚਰਚਾ ਵਿਚ ਹਿੱਸਾ ਲੈ ਰਹੇ ਅੰਮ੍ਰਿਤਪਾਲ ਕਲੇਰ ਨੇ ਕਿਹਾ ਕਿ ਕ੍ਰਿਸਮਸ ’ਤੇ ਭਾਰਤ ’ਚ ਹੋਏ ਹਮਲੇ ਸਾਡੇ ਭਾਰਤ ਦੀ ਭਾਈਚਾਰਕ ਸਾਂਝ ਉੱਤੇ ਧੱਬਾ ਲਾਉਂਦੇ ਹਨ। ਭਾਰਤ ਵਿਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਭਾਰਤੀ ਹਰ ਧਰਮ ਦੇ ਤਿਉਹਾਰ ਨੂੰ ਆਪਸੀ ਸਾਂਝ ਨਾਲ ਮਨਾਉਂਦੇ ਹਨ ਪ੍ਰੰਤੂ ਕੁਝ ਲੋਕ ਇਸ ਸਾਂਝ ਨੂੰ ਖੇਰੂੰ ਖੇਰੂੰ ਕਰਨਾ ਚਾਹੁੰਦੇ ਹਨ। ਧਰਮਿੰਦਰ ਕੰਗ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਰਾਜ ਹੈ, ਜਿਸ ’ਚ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ। ਸਾਨੂੰ ਇੱਦਾਂ ਦੀਆਂ ਫੁੱਟ ਪਾਓ ਨੀਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।