ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ
ਭਾਸ਼ਾ ਵਿਭਾਗ ਪੰਜਾਬ ਵੱਲੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ
Publish Date: Thu, 15 Jan 2026 07:08 PM (IST)
Updated Date: Thu, 15 Jan 2026 07:12 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਸ਼ਾ ਵਿਭਾਗ ਪੰਜਾਬ ਜਿੱਥੇ ਮਿਆਰੀ ਸਾਹਿਤਕ ਪ੍ਰਕਾਸ਼ਨ ਵਜੋਂ ਆਪਣੀ ਵਿਲੱਖਣ ਪਛਾਣ ਰੱਖਦਾ ਹੈ, ਉੱਥੇ ਹੀ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਚਾਰ ਰਸਾਲੇ ਜਨ ਸਾਹਿਤ, ਪੰਜਾਬੀ ਦੁਨਿਆ (ਪੰਜਾਬੀ), ਪੰਜਾਬ ਸੌਰਭ (ਹਿੰਦੀ) ਅਤੇ ਪਰਵਾਜ਼-ਏ-ਅਦਬ (ਉਰਦੂ) ਵੀ ਸਾਹਿਤ ਜਗਤ ਵਿਚ ਆਪਣਾ ਵੱਖਰਾ ਸਥਾਨ ਬਣਾਏ ਹੋਏ ਹਨ। ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਇਹ ਕਾਰਜ ਅੱਜ ਵੀ ਲਗਾਤਾਰ ਜਾਰੀ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪ੍ਰਮੁੱਖ ਸਾਹਿਤਕਾਰ ਅਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ। ਸਾਲ 1966 ਵਿਚ ਜਦੋਂ ਭਾਸ਼ਾ ਦੇ ਆਧਾਰ ’ਤੇ ਨਵੇਂ ਪੰਜਾਬ ਦੀ ਸਿਰਜਣਾ ਹੋਈ, ਉਸ ਸਮੇਂ ਮੁਸਾਫ਼ਿਰ ਪੰਜਾਬ ਦੇ ਮੁੱਖ ਮੰਤਰੀ ਸਨ। ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਉਣ ਲਈ ਅਣਥੱਕ ਯਤਨ ਕੀਤੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਰਸਾਲਾ ਜਨ ਸਾਹਿਤ ਇਸ ਵਾਰ ਉਨ੍ਹਾਂ ਦੀ 50ਵੀਂ ਬਰਸੀ ਨੂੰ ਸਮਰਪਿਤ ਕਰਦਿਆਂ ‘ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ’ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਵੱਲੋਂ ਸਾਹਿਤ ਅਤੇ ਸਿਆਸਤ ਵਿਚ ਪਾਏ ਯੋਗਦਾਨ ਨੂੰ ਦਰਸਾਉਂਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਅੰਕ ਦੇ ਸਾਹਿਤਕ ਮਹੱਤਵ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਕਲਮਕਾਰਾਂ/ਸਾਹਿਤਕਾਰਾਂ/ਲੇਖਕਾਂ ਕੋਲੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੇ ਜੀਵਨ ਕਾਲ, ਪ੍ਰਾਪਤੀਆਂ ਅਤੇ ਸਾਹਿਤ ਤੇ ਸਿਆਸਤ ਵਿਚ ਪਾਏ ਉਨ੍ਹਾਂ ਦੇ ਯੋਗਦਾਨ ਸਬੰਧੀ ਰਚਨਾਵਾਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ (ਕਵਿਤਾ, ਕਹਾਣੀ, ਜੀਵਨੀ ਆਦਿ) ਦੇ ਰੂਪ ਵਿਚ ਭੇਜਣ ਦੀ ਮੰਗ ਕੀਤੀ ਜਾਂਦੀ ਹੈ। ਰਚਨਾਵਾਂ ਭੇਜਣ ਦੀ ਆਖਰੀ 10 ਫਰਵਰੀ 2026 ਹੈ। ਰਚਨਾਵਾਂ ਭੇਜਦੇ ਸਮੇਂ ਰਚਨਾਕਾਰ ਵੱਲੋਂ ਰਚਨਾ ਦੇ ਮੌਲਿਕ ਅਤੇ ਅਣਪ੍ਰਕਾਸ਼ਿਤ ਹੋਣ ਸਬੰਧੀ ਤਸਦੀਕ ਕਰਦਾ ਸਰਟੀਫਿਕੇਟ, ਨਾਲ ਹੀ ਪੂਰਾ ਪਤਾ ਅਤੇ ਫ਼ੋਨ ਨੰਬਰ ਦਰਜ ਕਰਨਾ ਲਾਜ਼ਮੀ ਹੋਵੇਗਾ। ਰਚਨਾਵਾਂ ਈ-ਮੇਲ ’ਤੇ ਭੇਜੀਆਂ ਜਾਣ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਰਸਾਲੇ ਦੇ ਸੰਪਾਦਕ ਨਾਲ ਫ਼ੋਨ ਨੰਬਰ 8872511179 ’ਤੇ ਸੰਪਰਕ ਕੀਤਾ ਜਾ ਸਕਦਾ ਹੈ।