‘ਬੰਦੇ ਬਣੋ ਬੰਦੇ’ ਦੀ ਪੇਸ਼ਕਾਰੀ ਬਲਵੰਤ ਗਾਰਗੀ ਆਡੀਟੋਰੀਅਮ ’ਚ ਅੱਜ
‘ਬੰਦੇ ਬਣੋ ਬੰਦੇ’ ਦੀ ਪੇਸ਼ਕਾਰੀ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਅੱਜ
Publish Date: Thu, 15 Jan 2026 07:02 PM (IST)
Updated Date: Thu, 15 Jan 2026 07:03 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬੀ ਰੰਗਮੰਚ ਅਤੇ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਤੇ ਨਾਟਕਕਾਰ ਰਾਣਾ ਰਣਵੀਰ ਵੱਲੋਂ ਰਾਜਵੀਰ ਬੋਪਾਰਾਏ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਨਵਾਂ ਨਾਟਕ ‘ਬੰਦੇ ਬਣੋ ਬੰਦੇ’ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਮੰਚਿਤ ਕੀਤਾ ਜਾ ਰਿਹਾ ਹੈ। ਰਾਣਾ ਰਣਵੀਰ ਨੇ ‘ਖੇਤਾਂ ਦੇ ਪੁੱਤ’, ‘ਮਾਸਟਰ ਜੀ’ ਵਰਗੇ ਅਨੇਕਾਂ ਲੋਕਪ੍ਰਿਯ ਨਾਟਕਾਂ ਰਾਹੀਂ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ, ਸਗੋਂ ਸਮਾਜ ਨੂੰ ਸੋਚਣ, ਸਮਝਣ ਅਤੇ ਸਹੀ ਰਾਹ ਚੁਣਨ ਲਈ ਪ੍ਰੇਰਿਤ ਵੀ ਕੀਤਾ ਹੈ। ਉਨ੍ਹਾਂ ਦੇ ਨਾਟਕ ਆਮ ਇਨਸਾਨ ਦੀ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਨੂੰ ਬਹੁਤ ਸਾਦਗੀ ਅਤੇ ਗਹਿਰਾਈ ਨਾਲ ਦਰਸਾਉਂਦੇ ਹਨ। ਇਸ ਸਬੰਧੀ ਵਿਮੁਕਤ ਕਬੀਲੇ ਸੰਯੁਕਤ ਮੋਰਚਾ ਪੰਜਾਬ ਦੇ ਸੂਬਾ ਆਗੂ ਰਾਮ ਸਿੰਘ ਰੁਪਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਾਟਕ ਭਾਰਤ ਵਿਚ ਪਹਿਲੀ ਵਾਰ ਜਸਵੰਤ ਕੋਸ਼ਿਕ ਦੀਆਂ ਕੋਸ਼ਿਸ਼ਾਂ ਸਦਕਾ ਬਠਿੰਡਾ ਵਿਚ ਮੰਚਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਬੰਦੇ ਬਣੋ ਬੰਦੇ’ ਨਾਟਕ ਰਾਹੀਂ ਰਾਣਾ ਰਣਵੀਰ ਅਤੇ ਰਾਜਵੀਰ ਬੋਪਾਰਾਏ ਨੇ ਲੋਕਾਂ ਨੂੰ ਜ਼ਿੰਦਗੀ ਜਿਊਣ ਦੇ ਅਸਲੀ ਅਰਥਾਂ ਨਾਲ ਜਾਣੂ ਕਰਵਾਉਣ ਦੀ ਸਫਲ ਕੋਸ਼ਿਸ ਕੀਤੀ ਹੈ। ਸਿਰਫ਼ ਦੋ ਪਾਤਰਾਂ ਦੀ ਪੇਸ਼ਕਾਰੀ ਵਾਲਾ ਇਹ ਨਾਟਕ ਤਰਕ ਅਤੇ ਦਲੀਲ ਦੇ ਆਧਾਰ ’ਤੇ ਸਮਾਜਿਕ ਮੁੱਦਿਆਂ ਨੂੰ ਸਰਲ ਭਾਸ਼ਾ ਅਤੇ ਗੰਭੀਰਤਾ ਨਾਲ ਪੇਸ਼ ਕਰਦਾ ਹੈ।