ਜ਼ਿਲ੍ਹੇ ’ਚ ਚੱਲ ਰਹੇ 44 ਆਯੂਸ਼ਮਾਨ ਆਰੋਗਿਆ ਕੇਂਦਰ ਆਮ ਲੋਕਾਂ ਲਈ ਹੋ ਰਹੇ ਵਰਦਾਨ ਸਾਬਤ : ਡੀਸੀ
ਜ਼ਿਲ੍ਹੇ ਅੰਦਰ ਚੱਲ ਰਹੇ 44 ਆਯੂਸ਼ਮਾਨ ਆਰੋਗਿਆ ਕੇਂਦਰ ਆਮ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਾਬਤ : ਡਿਪਟੀ ਕਮਿਸ਼ਨਰ
Publish Date: Thu, 15 Jan 2026 06:38 PM (IST)
Updated Date: Thu, 15 Jan 2026 06:39 PM (IST)

- 31 ਦਸੰਬਰ 2025 ਤਕ 20,58,200 ਲੋੜਵੰਦਾਂ ਨੇ ਸਿਹਤ ਸੇਵਾਵਾਂ ਦਾ ਲਿਆ ਲਾਹਾ ਵੀਰਪਾਲ ਭਗਤਾ, ਪੰਜਾਬ ਜਾਗਰਣ ਬਠਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਯੂਸ਼ਮਾਨ ਆਰੋਗਿਆ ਕੇਂਦਰ ਆਮ ਲੋਕਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਰਦਾਨ ਸਾਬਤ ਹੋ ਰਹੇ ਹਨ। ਜ਼ਿਲ੍ਹੇ ਅੰਦਰ 15 ਅਗਸਤ 2022 ਤੋਂ 31 ਦਸੰਬਰ 2025 ਤਕ 20,58,200 ਲੋੜਵੰਦ ਮਰੀਜ਼ ਸਿਹਤ ਸੇਵਾਵਾਂ ਦਾ ਲਾਹਾ ਲੈ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਆਰੋਗਿਆ ਕੇਂਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਮਈ ਪ੍ਰਜੈਕਟ ਹੈ, ਜੋ ਕਿ ਲੋਕਾਂ ਦੀ ਸਿਹਤ ਭਲਾਈ ਦੇ ਮੰਤਵ ਦੇ ਨਾਲ-ਨਾਲ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਤੋਂ ਮਾਹਿਰ ਡਾਕਟਰਾਂ ਵੱਲੋਂ ਲੋੜਵੰਦ ਲੋਕਾਂ ਦੇ ਚੈਕਅਪ ਕਰਨ ਦੇ ਨਾਲ-ਨਾਲ 7,20,445 ਲੋੜਵੰਦਾਂ ਦੇ ਟੈਸਟ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਇਤਿਹਾਸਕ ਉਪਰਾਲੇ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿਚ ਹੋਰ ਲਾਭ ਹੋਇਆ ਹੈ ਅਤੇ ਲੋਕ ਆਪਣੀਆਂ ਸਿਹਤ ਸਮੱਸਿਆਵਾਂ ਦਾ ਘਰਾਂ ਦੇ ਨੇੜੇ ਹੀ ਆਯੂਸ਼ਮਾਨ ਆਰੋਗਿਆ ਕੇਂਦਰਾਂ ਤੋਂ ਇਲਾਜ਼ ਕਰਵਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿਚ ਇਲਾਜ਼ ਕਰਵਾ ਰਹੇ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ 44 ਆਯੂਸ਼ਮਾਨ ਆਰੋਗਿਆ ਕੇਂਦਰ ਜੋ ਕਿ ਖੇਤਾ ਸਿੰਘ ਬਸਤੀ, ਊਧਮ ਸਿੰਘ ਨਗਰ, ਜਨਤਾ ਨਗਰ, ਬੇਅੰਤ ਨਗਰ, ਲਾਲ ਸਿੰਘ ਬਸਤੀ, ਪਰਸ ਰਾਮ ਨਗਰ, ਗਣੇਸ਼ਾ ਬਸਤੀ ਕੋਟਫੱਤਾ, ਤਲਵੰਡੀ ਸਾਬੋ, ਰਾਮਾਂ, ਮੌੜ–2, ਅਕਾਲੀਆ ਕਲਾਂ, ਬੀੜ ਬਹਿਮਣ, ਮੰਡੀ ਫੂਲ, ਮੌੜ ਕਲਾਂ (ਸ਼ਹਿਰ), ਜੋਧਪੁਰ ਪਾਖਰ, ਵਿਰਕ ਕਲਾਂ, ਬੱਲੂਆਣਾ, ਚੱਕ ਅੱਤਰ ਸਿੰਘ ਵਾਲਾ, ਪੱਕਾ ਕਲਾਂ, ਮੰਡੀ ਕਲਾਂ, ਕਰਾੜਵਾਲਾ, ਦਿਆਲਪੁਰਾ ਮਿਰਜ਼ਾ, ਲਹਿਰਾ ਮੁਹੱਬਤ, ਢਪਾਲੀ, ਸੁਖਲੱਧੀ, ਬੱਲਾ ਰਾਮ ਨਗਰ, ਭੁੱਚੋ, ਭਾਈਰੂਪਾ, ਗਿਆਨਾ, ਖੇਮੂਆਣਾ, ਕੋਟਬਖਤੂ, ਕਲਾਲ ਵਾਲਾ, ਨੇਹੀਆਵਾਲਾ, ਰਾਮਪੁਰਾ, ਸਿੰਗੋ, ਸੇਮਾ, ਰਾਮ ਨਗਰ, ਪੱਥਰਾਲਾ, ਬੱਲ੍ਹੋ, ਭੈਣੀ ਚੁਹੜ, ਚਾਉਂਕੇ, ਕੋਟਲੀ ਖੁਰਦ ਅਤੇ ਤਿਉਣਾ ਪੁਜਾਰੀਆ ਵਿਖੇ ਚੱਲ ਰਹੇ ਹਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਰਿੰਦਰ ਸਿੰਘ ਧਾਲੀਵਾਲ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਨਵੇਂ ਬਣ ਰਹੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਣ ਰਹੇ ਕੇਂਦਰਾਂ ਦੇ ਵਰਤੋਂ ਸਰਟੀਫਿਕੇਟ 31 ਮਾਰਚ ਤੱਕ 2026 ਤੱਕ ਜਮ੍ਹਾਂ ਕਰਵਾਉਣੇ ਯਕੀਨੀ ਬਣਾਏ ਜਾਣ। ਇਸ ਮੌਕੇ ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਆਦਿ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।