ਚੋਰਾਂ ਦਾ ਆਤੰਕ : ਚੋਰਾਂ ਤੋਂ ਦੁਖੀ ਹੋਏ ਦੁਕਾਨਦਾਰਾਂ ਨੇ ਪੂਰੀ ਮਾਰਕਿਟ ਕੀਤੀ ਵਿਕਾਊ
ਬਠਿੰਡਾ ਵਿੱਚ ਚੋਰਾਂ ਦਾ ਆਤੰਕ: ਚੋਰਾਂ ਤੋਂ ਦੁਖੀ ਹੋਏ ਦੁਕਾਨਦਾਰਾਂ ਨੇ ਪੂਰੀ ਮਾਰਕਿਟ ਕੀਤੀ ਵਿਕਾਊ
Publish Date: Thu, 15 Jan 2026 06:28 PM (IST)
Updated Date: Thu, 15 Jan 2026 06:30 PM (IST)

- ਪ੍ਰਤਾਪ ਨਗਰ ਦੀਆਂ ਦੁਕਾਨਾਂ ਦੇ ਤਾਲੇ ਟੁੱਟੇ, ਦੁਕਾਨਦਾਰ ਦਹਿਸ਼ਤ ’ਚ, ਦੁਕਾਨਦਾਰਾਂ ਨੇ ਦਿੱਤਾ ਰੋਸ ਵਜੋਂ ਧਰਨਾ : ਪ੍ਰਦਰਸ਼ਨ - ਦੁਕਾਨਾਂ ’ਤੇ ਲਾਏ ‘ਮਾਰਕੀਟ ਵਿਕਾਊ ਹੈ’ ਦੇ ਪੋਸਟਰ, ਕਿਹਾ ਜੇਕਰ ਸੁਰੱਖਿਆ ਨਾ ਮਿਲੀ ਤਾਂ ਇੱਥੇ ਕਾਰੋਬਾਰ ਕਰਨਾ ਮੁਸ਼ਕਿਲ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਹਾਲਾਤ ਇਹ ਹਨ ਕਿ ਚੋਰਾਂ ਤੋਂ ਦੁਖੀ ਹੋਏ ਪ੍ਰਤਾਪ ਨਗਰ ਦੇ ਦੁਕਾਨਦਾਰਾਂ ਨੇ ਪੂਰੀ ਮਾਰਕੀਟ ਨੂੰ ਵਿਕਾਊ ਕਰ ਦਿੱਤਾ। ਦੁਕਾਨਦਾਰਾਂ ਨੇ ਜਿੱਥੇ ਆਪਣੀਆਂ ਦੁਕਾਨਾਂ ਅੱਗੇ ਮਾਰਕੀਟ ਵਿਕਾਊ ਹੈ ਦੇ ਪੋਸਟਰ ਲਗਾ ਦਿੱਤੇ ਉਥ ਹੀ ਹੱਥਾਂ ਵਿਚ ਇਹ ਪੋਸਟਰ ਚੁੱਕੇ ਕੇ ਪੰਜਾਬ ਸਰਕਾਰ ਤੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਬਠਿੰਡਾ ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਬੀਤੀ ਬੁੱਧਵਾਰ ਦੇਰ ਰਾਤ ਚੋਰਾਂ ਦੇ ਇੱਕ ਸੰਗਠਿਤ ਗਿਰੋਹ ਨੇ ਭਾਰੀ ਆਤੰਕ ਮਚਾਇਆ। ਜਾਣਕਾਰੀ ਅਨੁਸਾਰ ਕਰੀਬ 15 ਤੋਂ 20 ਚੋਰ ਇਕੱਠੇ ਹੋ ਕੇ ਇਲਾਕੇ ਵਿੱਚ ਦਾਖਲ ਹੋਏ ਅਤੇ ਇਕ ਤੋਂ ਬਾਅਦ ਇਕ ਕਈ ਦੁਕਾਨਾਂ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਇਸ ਦੌਰਾਨ ਚੋਰਾਂ ਨੇ ਇਕ ਜਵੈਲਰਜ਼ ਦੀ ਦੁਕਾਨ ਵਿੱਚੋਂ ਕਰੀਬ 8 ਕਿਲੋ ਚਾਂਦੀ ਸਮੇਤ ਸੋਨੇ ਦੇ ਕੀਮਤੀ ਗਹਿਣੇ ਚੋਰੀ ਕਰ ਲਏ, ਜਦਕਿ ਦੂਜੀ ਜਿਊਲਰਜ਼ ਦੀ ਦੁਕਾਨ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਤੋਂ ਖ਼ਫ਼ਾ ਹੋ ਕੇ ਵੀਰਵਾਰ ਸਵੇਰੇ ਪ੍ਰਤਾਪ ਨਗਰ ਮੇਨ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ। ਵਪਾਰੀਆਂ ਨੇ ਦੁਕਾਨਾਂ ਦੇ ਸ਼ਟਰ ਡਾਊਨ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚੋਰ ਬੇਖੌਫ਼ ਹੋ ਕੇ ਘੁੰਮ ਰਹੇ ਹਨ ਅਤੇ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਚੋਰੀ ਦੀਆਂ ਵਧਦੀਆਂ ਘਟਨਾਵਾਂ ਤੋਂ ਗੁੱਸੇ ਵਿੱਚ ਆਏ ਵਪਾਰੀਆਂ ਨੇ ਪ੍ਰਤਾਪ ਨਗਰ ਮਾਰਕੀਟ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਵਪਾਰੀਆਂ ਨੇ ਆਪਣੀਆਂ ਦੁਕਾਨਾਂ ’ਤੇ ‘ਮਾਰਕਿਟ ਵਿਕਾਊ’ ਦੇ ਪੋਸਟਰ ਲਗਾ ਕੇ ਇਹ ਸਪੱਸ਼ਟ ਸੁਨੇਹਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਈ ਗਈ ਤਾਂ ਉਹ ਮਜ਼ਬੂਰਨ ਇੱਥੇ ਕਾਰੋਬਾਰ ਨਹੀਂ ਕਰਣਗੇ। ਪ੍ਰਦਰਸ਼ਨਕਾਰੀਆਂ ਨੇ ਇਲਾਕੇ ਵਿੱਚ ਰਾਤ ਦੀ ਗਸ਼ਤ ਵਧਾਉਣ, ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਮਜ਼ਬੂਤ ਕਰਨ ਅਤੇ ਚੋਰਾਂ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕੀਤੀ। ਦੁਕਾਨਦਾਰਾਂ ਮੁਤਾਬਿਕ ਬੁੱਧਵਾਰ ਦੇਰ ਰਾਤ ਕਰੀਬ 2 ਤੋਂ 2.30 ਵਜੇ ਦੇ ਦਰਮਿਆਨ 15 ਤੋਂ 20 ਚੋਰ ਕੰਬਲਾਂ ਨਾਲ ਆਪਣੇ ਚਿਹਰੇ ਢੱਕ ਕੇ ਇਲਾਕੇ ਵਿੱਚ ਦਾਖਲ ਹੋਏ। ਪਹਿਲਾਂ ਤੋਂ ਕੀਤੀ ਗਈ ਰੇਕੀ ਦੇ ਆਧਾਰ ’ਤੇ ਉਨ੍ਹਾਂ ਨੇ ਲੋਹੇ ਦੀਆਂ ਰਾਡਾਂ ਨਾਲ ਦੁਕਾਨਾਂ ਦੇ ਤਾਲੇ ਤੋੜੇ। ਇਸ ਦੌਰਾਨ ਚੋਰਾਂ ਨੇ ‘ਪਾਰਸ ਜਵੈਲਰਜ਼’ ਦੇ ਪੰਜ ਤਾਲੇ ਤੋੜ ਕੇ ਪੂਰੀ ਦੁਕਾਨ ਹੀ ਖਾਲੀ ਕਰ ਦਿੱਤੀ। ਦੁਕਾਨ ਮਾਲਕ ਅਨੁਸਾਰ ਚੋਰ ਲੱਖਾਂ ਰੁਪਏ ਮੁੱਲ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਸਵੇਰੇ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ’ਤੇ ਪਹੁੰਚੇ ਤਾਂ ਟੁੱਟੇ ਤਾਲੇ ਅਤੇ ਬਿਖਰਾ ਸਾਮਾਨ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਕਈ ਦੁਕਾਨਾਂ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਰਾਤ ਕਰੀਬ ਸਾਢੇ ਤਿੰਨ ਵਜੇ ਚੋਰੀ ਦੀ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਦੀ ਟੀਮ ਕਰੀਬ ਡੇਢ ਘੰਟੇ ਦੀ ਦੇਰੀ ਨਾਲ ਮੌਕੇ ’ਤੇ ਪਹੁੰਚੀ। ਭਾਵੇਂ ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ, ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਸਿਰਫ਼ ਵਾਅਦੇ ਨਹੀਂ, ਸਗੋਂ ਠੋਸ ਨਤੀਜੇ ਚਾਹੀਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਫ਼ਤਰ ਦੇ ਬਾਹਰ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਕੁੱਲ ਮਿਲਾ ਕੇ ਪ੍ਰਤਾਪ ਨਗਰ ਦੀ ਇਸ ਵੱਡੀ ਚੋਰੀ ਦੀ ਘਟਨਾ ਨੇ ਬਠਿੰਡਾ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। - ਕਾਨੂੰਨ-ਵਿਵਸਥਾ ’ਤੇ ਭਾਜਪਾ ਆਗੂ ਦਾ ਹਮਲਾ ਘਟਨਾ ਤੋਂ ਬਾਅਦ ਵੀਰਵਾਰ ਸਵੇਰੇ ਮੌਕੇ ’ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੋਰ ਬੇਖੌਫ਼ ਹੋ ਕੇ ਘੁੰਮ ਰਹੇ ਹਨ ਅਤੇ ਪੁਲਿਸ ਦਾ ਕੋਈ ਡਰ ਨਹੀਂ। ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਅਪਰਾਧ ਦਾ ਗਠਜੋੜ ਮਜ਼ਬੂਤ ਹੋ ਰਿਹਾ ਹੈ ਅਤੇ ਸਰਕਾਰ ਨੂੰ ਕਾਨੂੰਨ-ਵਿਵਸਥਾ ਸੁਧਾਰਨ ਲਈ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਪੁਲਿਸ ਵੱਲੋਂ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦੁਕਾਨਦਾਰਾਂ ਦੇ ਧਰਨੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀਐੱਸਪੀ ਸਿਟੀ-ਵਨ ਅੰਮ੍ਰਿਤਪਾਲ ਸਿੰਘ ਭਾਟੀ ਦੀ ਅਗਵਾਈ ਹੇਠ ਸੀਆਈਏ ਸਟਾਫ-2 ਅਤੇ ਥਾਣਾ ਕੈਨਾਲ ਕਾਲੋਨੀ ਦੀਆਂ ਪੁਲਿਸ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਅਣਪਛਾਤੇ ਚੋਰਾਂ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਗਸ਼ਤ ਹੋਰ ਵਧਾਈ ਜਾਵੇਗੀ।