ਨੌਜਵਾਨਾਂ ਨੂੰ ਸਕਿਓਰਿਟੀ ਗਾਰਡ ਟ੍ਰੇਨਿੰਗ ਕੋਰਸ ਦੀ ਰਜਿਸਟ੍ਰੇਸ਼ਨ 23 ਤਕ
ਨੌਜਵਾਨਾਂ ਨੂੰ ਸਕਿਊਰਟੀ ਗਾਰਡ ਟ੍ਰੇਨਿੰਗ ਕੋਰਸ ਦੀ ਰਜਿਸਟ੍ਰੇਸ਼ਨ 23 ਜਨਵਰੀ ਤਕ
Publish Date: Thu, 15 Jan 2026 05:45 PM (IST)
Updated Date: Thu, 15 Jan 2026 05:48 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਕੈਂਪ ਦੇ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਕਿਓਰਿਟੀ ਗਾਰਡ ਟ੍ਰੇਨਿੰਗ ਕੋਰਸ ਲਈ ਰਜਿਸਟ੍ਰੇਸ਼ਨ 23 ਜਨਵਰੀ 2026 ਤਕ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ 27 ਜਨਵਰੀ 2026 ਤੋਂ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਸ਼ੁਰੂ ਹੋ ਰਿਹਾ ਹੈ। ਇਹ ਟ੍ਰੇਨਿੰਗ ਕੋਰਸ ਕਰਨ ਵਾਸਤੇ ਉਮੀਦਵਾਰ ਨੇ ਘੱਟੋਂ ਘੱਟ 10ਵੀਂ ਜਮਾਤ ਪਾਸ, ਉਮਰ ਸੀਮਾ 21 ਤੋਂ 29 ਸਾਲ ਹੋਣੀ ਚਾਹੀਦੀ ਹੈ। ਇਸ ਕੋਰਸ ਦੀਆਂ ਸੀਟਾਂ ਸੀਮਤ ਹਨ। ਉਨ੍ਹਾਂ ਜ਼ਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਰਜਿਸਟ੍ਰੇਸ਼ਨ ਪਹਿਲ ਦੇ ਆਧਾਰ ’ਤੇ ਕਰਵਾਉਣ। ਸਕਿਓਰਿਟੀ ਗਾਰਡ ਟ੍ਰੇਨਿੰਗ ਦਾ ਕੋਰਸ ਪੂਰਾ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜੋ ਕਿ ਸਰਕਾਰੀ ਸੰਸਥਾ, ਅਰਧ-ਸਰਕਾਰੀ ਸੰਸਥਾ, ਵੱਡੀਆਂ ਇੰਡਸਟਰੀਜ਼ ਵਿੱਚ ਨੌਕਰੀ ਲੈਣ ਵਾਸਤੇ ਵੈਲਿਡ ਮੰਨਿਆ ਜਾਵੇਗਾ। ਕੋਰਸ ਪੂਰਾ ਹੋਣ ਉਪਰੰਤ ਵੱਖ-ਵੱਖ ਸਕਿਓਰਿਟੀ ਏਜੰਸੀਆਂ ਕੈਂਪ ਵਿਖੇ ਪਲੇਸਮੈਂਟ ਕੈਂਪ ਲਗਾਉਣ ਗਈਆਂ। ਉਨ੍ਹਾਂ ਕਿਹਾ ਕਿ ਇਸ ਕੋਰਸ ਦੌਰਾਨ ਨੌਜਵਾਨਾਂ ਦੇ ਰਿਹਾਇਸ਼, ਖਾਣ-ਪੀਣ ਦਾ ਖਰਚ ਪੰਜਾਬ ਸਰਕਾਰ ਦਾ ਹੋਵੇਗਾ। ਬੇਰੁਜ਼ਗਾਰ ਨੌਜਵਾਨਾਂ ਲਈ ਇਹ ਬਹੁਤ ਵੀ ਵਧੀਆ ਤੇ ਮਹੱਤਵਪੂਰਨ ਕੋਰਸ ਹੈ, ਨੌਜਵਾਨ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਪੰਜਾਬ ਰਾਜ ਦੇ ਵਸਨੀਕ ਸਕਿਓਰਿਟੀ ਗਾਰਡ ਟ੍ਰੇਨਿੰਗ ਕੋਰਸ ਕਰਨ ਦੇ ਚਾਹਵਾਨ ਨੌਜਵਾਨ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਕਾਲਝਰਾਣੀ ’ਚ ਸਥਿਤ ਸੀਪਾਈਟ ਕੈਂਪ ਵਿਖੇ 10ਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ ਅਤੇ 2 ਤਾਜ਼ਾ ਪਾਸਪੋਰਟ ਸਾਈਜ ਫੋਟੋ, ਫਾਈਲ ਕਵਰ ਆਦਿ ਦਸਤਾਵੇਜ਼ ਸਮੇਤ ਨਿੱਜੀ ਤੌਰ ‘ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕੈਂਪ ਵਿਖੇ ਐਸਐਸਸੀ (ਜੀਡੀ) ਦੇ ਲਿਖਤੀ ਪੇਪਰ ਦੀ ਤਿਆਰੀ ਚੱਲ ਰਹੀ ਹੈ, ਜਿਨ੍ਹਾਂ ਨੌਜਵਾਨਾਂ ਦਾ ਐਸਐਸਸੀ ਵਿਚ ਅਪਲਾਈ ਕੀਤਾ ਹੋਇਆ ਹੈ ਉਹ ਵੀ ਕੈਂਪ ਆ ਕੇ ਤਿਆਰੀ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨਾ ਨੌਜਵਾਨ 94638-31615, 94641-52013 ‘ਤੇ ਸੰਪਰਕ ਕਰ ਸਕਦੇ ਹਨ।