- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਐਸਐਸ ਸੱਤ ਰੋਜ਼ਾ ਕੈਂਪ ਦਾ ਸਮਾਪਤੀ ਸਮਾਰੋਹ ਸੰਪੰਨ

- ਐੱਨਐੱਸਐੱਸ ਵਰਗੇ ਕੈਂਪ ਵਿਦਿਆਰਥੀਆਂ ’ਚ ਲੀਡਰਸ਼ਿਪ, ਮਨੁੱਖਤਾ ਤੇ ਸਮਾਜਿਕ ਜ਼ਿੰਮੇਵਾਰੀ ਪੈਦਾ ਕਰਦੇ : ਖੁਰਾਣਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵੱਲੋਂ ਕਰਵਾਏ ਐੱਨਐੱਸਐੱਸ ਸੱਤ ਰੋਜ਼ਾ ਕੈਂਪ ਦੇ ਪੰਜਵੇਂ, ਛੇਵੇਂ ਅਤੇ ਸੱਤਵੇਂ ਦਿਨ ਵਿਦਿਆਰਥੀਆਂ ਲਈ ਆਤਮਿਕ, ਧਾਰਮਿਕ ਅਤੇ ਸਮਾਜਿਕ ਚੇਤਨਾ ਨਾਲ ਭਰਪੂਰ ਰਹੇ। ਕੈਂਪ ਦਾ ਸੱਤਵਾਂ ਅਤੇ ਆਖਰੀ ਦਿਨ ਸਮਾਪਤੀ ਸਮਾਗਮ ਬੜੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਮਨਾਇਆ ਗਿਆ। ਸਮਾਪਤੀ ਸਮਾਗਮ ਦੀ ਸ਼ੁਰੂਆਤ ਐੱਨਐੱਸਐੱਸ ਪ੍ਰਾਰਥਨਾ ਨਾਲ ਹੋਈ। ਇਸ ਤੋਂ ਬਾਅਦ ਪੂਰੇ ਕੈਂਪ ਦੌਰਾਨ ਕਰਵਾਈਆਂ ਗਈਆਂ ਸਰਗਰਮੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਮਮਤਾ ਖੁਰਾਣਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਸੰਸਥਾ ਦੇ ਚੇਅਰਮੈਨ ਐੱਸਐੱਸ ਚੱਠਾ ਵੱਲੋਂ ਕੀਤਾ ਗਿਆ। ਇਸ ਮੌਕੇ ਮਮਤਾ ਖੁਰਾਣਾ ਨੇ ਕਿਹਾ ਕਿ ਐੱਨਐੱਸਐੱਸ ਵਰਗੇ ਕੈਂਪ ਵਿਦਿਆਰਥੀਆਂ ਵਿਚ ਅਨੁਸ਼ਾਸਨ, ਲੀਡਰਸ਼ਿਪ, ਸਹਿਣਸ਼ੀਲਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਦੇ ਹਨ, ਜੋ ਉਨ੍ਹਾਂ ਨੂੰ ਚੰਗਾ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ। ਇਸ ਤੋਂ ਪਹਿਲਾਂ ਕੈਂਪ ਦੇ ਪੰਜਵੇਂ ਦਿਨ ਐੱਨਐੱਸਐੱਸ ਵਲੰਟੀਅਰਾਂ ਵੱਲੋਂ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਯਾਤਰਾ ਕਰਵਾਈ ਗਈ।
ਕੈਂਪ ਦੇ ਛੇਵੇਂ ਦਿਨ ‘ਗਿਆਨ ਦੀ ਰੌਸ਼ਨੀ-ਗੁਰਮਤਿ ਗਿਆਨ ਕੈਂਪ’ ਲਾਇਆ ਗਿਆ, ਜਿਸ ਵਿਚ ਭਾਈ ਜਸਵਿੰਦਰ ਸਿੰਘ ਖਾਲਸਾ (ਇੰਗਲੈਂਡ) ਅਤੇ ਗੁਰਪ੍ਰੀਤ ਸਿੰਘ ਬੱਲੋ ਮੁੱਖ ਮਹਿਮਾਨ ਰਹੇ। ਕੀਰਤਨ, ਢਾਡੀ ਵਾਰਾਂ ਅਤੇ ਵਿਚਾਰ ਗੋਸ਼ਠੀ ਰਾਹੀਂ ਵਿਦਿਆਰਥੀਆਂ ਨੂੰ ਗੁਰਮਤਿ ਜੀਵਨ ਜਾਂਚ, ਕੌਮ ਪ੍ਰਤੀ ਜ਼ਿੰਮੇਵਾਰੀ ਅਤੇ ਨੈਤਿਕ ਮੁੱਲਾਂ ਨਾਲ ਜੋੜਿਆ ਗਿਆ। ਇਸ ਮੌਕੇ ਦਸਤਾਰ ਸਨਮਾਨ ਸਮਾਗਮ ਵੀ ਕਰਵਾਇਆ ਗਿਆ। ਸਮਾਪਤੀ ਸਮਾਗਮ ਦੌਰਾਨ ਕੈਂਪ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਲੰਟੀਅਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਇਸ ਦੌਰਾਨ ਬੈਸਟ ਵਲੰਟੀਅਰ (ਲੜਕੇ) ਨੀਰਜ ਸ਼ਰਮਾ (ਬਾਰ੍ਹਵੀਂ ਆਰਟਸ), ਉਪਜੀਤ ਸਿੰਘ (ਬੀਏ ਭਾਗ ਤੀਜਾ), ਬੈਸਟ ਵਲੰਟੀਅਰ (ਲੜਕੀਆਂ) ਸੁਖਮਨਪ੍ਰੀਤ ਕੌਰ (ਗਿਆਰ੍ਹਵੀਂ ਆਰਟਸ), ਜਸਪ੍ਰੀਤ ਕੌਰ (ਪੀਜੀਡੀਸੀਏ), ਸੁਮਨਪ੍ਰੀਤ ਕੌਰ ਰਹੇ। ਇਸ ਕੈਂਪ ਵਿਚ ਪ੍ਰੋਗਰਾਮ ਅਫ਼ਸਰਾਂ ਵਜੋਂ ਬਘੇਲ ਸਿੰਘ, ਸਨੋਵਿੰਦਰ ਸਿੰਘ, ਸੰਦੀਪ ਕੌਰ, ਵਰਿੰਦਰ ਕੌਰ, ਜਸਪ੍ਰੀਤ ਕੌਰ, ਹਰਜੀਤ ਕੌਰ, ਮਨਦੀਪ ਕੌਰ ਅਤੇ ਜੋਨੀ ਰਾਣੀ ਨੇ ਸਰਗਰਮ ਭੂਮਿਕਾ ਨਿਭਾਈ। ਇਸ ਮੌਕੇ ਐੱਨਐੱਸਐੱਸ ਕੋਆਰਡੀਨੇਟਰ ਹਰਪ੍ਰੀਤ ਸ਼ਰਮਾ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕਰ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਚੇਅਰਮੈਨ ਐੱਸਐੱਸ ਚੱਠਾ ਨੇ ਕਿਹਾ ਕਿ ਐੱਨਐੱਸਐੱਸ ਕੈਂਪ ਦੇ ਇਹ ਦਿਨ ਵਿਦਿਆਰਥੀਆਂ ਵਿਚ ਆਤਮਿਕਤਾ, ਨੈਤਿਕਤਾ ਅਤੇ ਸਮਾਜਿਕ ਚੇਤਨਾ ਨੂੰ ਮਜ਼ਬੂਤ ਕਰਨ ਵਾਲੇ ਸਾਬਤ ਹੋਏ ਹਨ। ਇਸ ਮੌਕੇ ਐੱਮਡੀ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ, ਸਹਾਇਕ ਡਾਇਰੈਕਟਰ ਜਸਵਿੰਦਰ ਸਿੰਘ, ਪ੍ਰੋ. ਕੁਮਾਰੀ ਸ਼ੈਲਜਾ ਸਮੇਤ ਸਮੂਹ ਸਟਾਫ ਨੇ ਸ਼ਿਰਕਤ ਕੀਤੀ।