ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ਸਮੇਤ 11 ਕਾਬੂ
48.62 ਗਰਾਮ ਹੈਰੋਇਨ ਅਤੇ 58 ਨਸ਼ੀਲੀਆਂ ਗੋਲੀਆਂ ਸਮੇਤ 11 ਕਾਬੂ
Publish Date: Thu, 15 Jan 2026 05:27 PM (IST)
Updated Date: Thu, 15 Jan 2026 05:30 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 11 ਵਿਅਕਤੀਆਂ ਨੂੰ ਭਾਰੀ ਮਾਤਰਾ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 48.62 ਗ੍ਰਾਮ ਹੈਰੋਇਨ ਅਤੇ 58 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਨੇ ਪਟਾ ਮਾਰਕੀਟ ਨੇੜੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਦਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਹਰਦੀਪ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ ਅਤੇ ਅਨਮੋਲ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ। ਇਸ ਤਰ੍ਹਾਂ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਜਨਤਾ ਨਗਰ ਵਿੱਚ ਛਾਪੇਮਾਰੀ ਕਰਦਿਆਂ ਕਾਕੂ ਰਾਮ ਵਾਸੀ ਪਰਸਰਾਮ ਨਗਰ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਦੋਂਕਿ ਥਾਣਾ ਥਰਮਲ ਦੀ ਪੁਲਿਸ ਨੇ ਸਰਹੰਦ ਨਹਿਰ ਨੇੜੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ, ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਸੁਖਰਾਜ ਸਿੰਘ ਵਾਸੀ ਅਰਜਨ ਨਗਰ ਬਠਿੰਡਾ ਵਜੋਂ ਹੋਈ ਹੈ। ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੇ ਵੀ ਸਰਹੰਦ ਨਹਿਰ ਨੇੜਿਓਂ ਗੁਰਦਿੱਤ ਸਿੰਘ ਵਾਸੀ ਪਿੰਡ ਭੰਗਾਲਾ ਜ਼ਿਲ੍ਹਾ ਫਾਜਿਲਕਾ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਨਥਾਣਾ ਦੀ ਪੁਲਿਸ ਨੇ ਪਿੰਡ ਲਹਿਰਾ ਬੇਗਾ ਨੇੜੇ ਇਕ ਸ਼ੱਕੀ ਵਿਅਕਤੀ ਦੀ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1.55 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਜਸਕਰਨ ਸਿੰਘ ਵਾਸੀ ਪਿੰਡ ਭੁੱਚੋ ਕਲਾਂ ਵਜੋਂ ਹੋਈ ਹੈ। ਥਾਣਾ ਫੂਲ ਦੀ ਪੁਲਿਸ ਨੇ ਇੱਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਦੀ ਪਛਾਣ ਕਰਨਦੀਪ ਕੌਰ ਵਾਸੀ ਪਿੰਡ ਰਾਈਆ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਔਰਤ ਨੂੰ 2.77 ਗ੍ਰਾਮ ਹੈਰੋਇਨ ਸਮੇਤ ਪਿੰਡ ਢਿਪਾਲੀ ਤੋਂ ਫੜਿਆ ਹੈ। ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਪਿੰਡ ਜੈਦ ਵਿੱਚ ਛਾਪੇਮਾਰੀ ਕਰਦਿਆਂ ਬੇਅੰਤ ਸਿੰਘ ਵਾਸੀ ਪਿੰਡ ਬਦਿਆਲਾ ਨੂੰ 58 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਜਦੋਂਕਿ ਥਾਣਾ ਮੌੜ ਮੰਡੀ ਦੀ ਪੁਲਿਸ ਨੇ ਮਾਨਸਾ ਕਲਾਂ ਵਿੱਚ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ ਖੇਤਾ ਸਿੰਘ ਨੂੰ 3.50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਛਾਪੇਮਾਰੀ ਕਰਦਿਆਂ ਕਰਨਵੀਰ ਸਿੰਘ ਵਾਸੀ ਤਲਵੰਡੀ ਸਾਬੋ ਨੂੰ 5.80 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤਰ੍ਹਾਂ ਪੁਲਿਸ ਨੇ ਨਸ਼ਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਨਥਾਣਾ ਦੀ ਪੁਲਿਸ ਨੇ ਵਿੱਕੀ ਸਿੰਘ ਅਤੇ ਗੁਰਲਾਲ ਸਿੰਘ ਬਾਸੀ ਪਿੰਡ ਬੁਰਜਾਹਨ ਸਿੰਘ ਵਾਲਾ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਦੋਵਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ