ਠੰਢ ਦੇ ਮੱਦੇਨਜ਼ਰ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ, ਹੁਣ ਸਵੇਰੇ 10 ਵਜੇ ਖੁੱਲਣਗੇ ਸਕੂਲ
ਠੰਢ ਦੇ ਮੱਦੇਨਜ਼ਰ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ, ਹੁਣ ਸਵੇਰੇ 10 ਵਜੇ ਖੁੱਲਣਗੇ ਸਕੂਲ
Publish Date: Thu, 15 Jan 2026 05:20 PM (IST)
Updated Date: Thu, 15 Jan 2026 05:21 PM (IST)

- ਪ੍ਰਾਇਮਰੀ ਦੇ ਬੱਚਿਆਂ ਨੂੰ 20 ਮਿੰਟ ਪਹਿਲਾਂ ਮਿਲੇਗੀ ਛੁੱਟੀ - ਦੂਜੇ ਦਿਨ ਵੀ ਸਕੂਲਾਂ ’ਚ ਬੱਚਿਆਂ ਦੀ ਹਾਜ਼ਰੀ ਘੱਟ, ਮਾਪਿਆਂ ਵੱਲੋਂ ਛੁੱਟੀਆਂ ਵਧਾਉਣ ਦੀ ਮੰਗ ਤੇਜ਼ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਰਾਜ ਭਰ ਵਿੱਚ ਪੈ ਰਹੀ ਕੜਾਕੇ ਦੀ ਠੰਢ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਖਾਸ ਕਰ ਕੇ ਸਕੂਲਾਂ ਵਿੱਚ ਪੜ੍ਹ ਰਹੇ ਨੰਨ੍ਹੇ-ਮੁੰਨੇ ਬੱਚਿਆਂ ਲਈ ਇਹ ਠੰਢ ਵੱਡੀ ਮੁਸ਼ਕਿਲ ਬਣ ਗਈ ਹੈ। ਭਾਵੇਂ ਪੰਜਾਬ ਸਰਕਾਰ ਨੇ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਤਬੀਦਲ ਕੀਤਾ ਹੈ ਪਰ ਫ਼ਿਰ ਵੀ ਮਾਪੇ ਮੰਗ ਕਰ ਰਹੇ ਹਨ ਕਿ ਛੁੱਟੀਆਂ ਵਧਾਈਆਂ ਜਾਣ। ਹੁਣ ਸਰਕਾਰੀ ਹੁਕਮਾਂ ਅਨੁਸਰ ਸਕੂਲ ਸਵੇਰੇ 10 ਵਜੇ ਖੁੱਲਣਗੇ, ਜਦੋਂਕਿ ਪ੍ਰਾਇਮਾਰੀ ਸਕੂਲ ਦੇ ਬੱਚਿਆਂ ਨੂੰ ਸ਼ਾਮ 3 ਵਜੇ ਅਤੇ ਮਿਡਲ ਤੋਂ ਹਾਇਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮ 3.20 ’ਤੇ ਛੁੱਟੀ ਮਿਲੇਗੀ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਆਈ ਭਾਰੀ ਗਿਰਾਵਟ ਕਾਰਨ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਕਾਫ਼ੀ ਘੱਟ ਦਰਜ ਕੀਤੀ ਜਾ ਰਹੀ ਹੈ। ਕਈ ਸਕੂਲਾਂ ਵਿੱਚ ਤਾਂ 20 ਫੀਸਦੀ ਘੱਟ ਬੱਚੇ ਕਲਾਸਾਂ ਵਿੱਚ ਪਹੁੰਚ ਰਹੇ ਹਨ। ਭਾਵੇਂ ਸਰਕਾਰ ਨੇ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਹੈ, ਪਰ ਸੰਘਣੀ ਧੁੰਦ ਕਾਰਨ ਮਾਪੇ ਵੀ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ। ਸਵੇਰੇ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਅਤੇ ਬਰਫੀਲੀ ਹਵਾਵਾਂ ਕਾਰਨ ਬੱਚਿਆਂ ਨੂੰ ਸਕੂਲ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਬੱਚਿਆਂ ਨੂੰ ਸਵੇਰੇ ਤੜਕੇ ਠੰਢ ਵਿੱਚ ਤਿਆਰ ਕਰਨਾ ਮਾਪਿਆਂ ਲਈ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਬਹੁਤ ਸਾਰੇ ਮਾਪਿਆਂ ਦਾ ਕਹਿਣਾ ਹੈ ਕਿ ਠੰਢ ਕਾਰਨ ਬੱਚੇ ਬਿਮਾਰ ਪੈ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਮੌਕੇ ਡਾਕਟਰਾਂ ਮੁਤਾਬਿਕ ਇਸ ਤਰ੍ਹਾਂ ਦੀ ਕੜੀ ਠੰਢ ਵਿੱਚ ਬੱਚਿਆਂ ਨੂੰ ਜ਼ੁਕਾਮ, ਖਾਂਸੀ, ਬੁਖ਼ਾਰ ਅਤੇ ਸਾਹ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਖਾਸ ਕਰ ਕੇ ਨਰਸਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚੇ ਠੰਢ ਨੂੰ ਸਹਿਣ ਵਿੱਚ ਅਸਮਰੱਥ ਹੁੰਦੇ ਹਨ। ਇਸੇ ਕਰ ਕੇ ਕਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਹਿਚਕਚਾ ਰਹੇ ਹਨ। ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਕਿਸਮ ਦੇ ਸਕੂਲਾਂ ਵਿੱਚ ਹਾਜ਼ਰੀ ਘਟਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕੁਝ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਗਰਮ ਕੱਪੜੇ ਪਹਿਨ ਕੇ ਆਉਣ, ਸਕੂਲ ਦਾ ਸਮਾਂ ਘਟਾਉਣ ਅਤੇ ਅਸੈਂਬਲੀ ਨਾ ਕਰਨ ਵਰਗੇ ਕਦਮ ਚੁੱਕੇ ਗਏ ਹਨ, ਪਰ ਮਾਪਿਆਂ ਦਾ ਕਹਿਣਾ ਹੈ ਕਿ ਇਹ ਕਦਮ ਕਾਫ਼ੀ ਨਹੀਂ ਹਨ। ਮਾਪਿਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਠੰਢ ਦੀ ਗੰਭੀਰਤਾ ਨੂੰ ਦੇਖਦਿਆਂ ਸਕੂਲਾਂ ਵਿੱਚ ਛੁੱਟੀਆਂ ਵਧਾਈਆਂ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਪੜ੍ਹਾਈ ਮਹੱਤਵਪੂਰਨ ਹੈ ਪਰ ਬੱਚਿਆਂ ਦੀ ਸਿਹਤ ਉਸ ਤੋਂ ਵੀ ਵੱਧ ਜ਼ਰੂਰੀ ਹੈ। ਜੇਕਰ ਠੰਢ ਦਾ ਇਹ ਦੌਰ ਕੁਝ ਹੋਰ ਦਿਨ ਜਾਰੀ ਰਹਿੰਦਾ ਹੈ ਤਾਂ ਬੱਚਿਆਂ ਦੀ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਈ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਕੂਲ ਜਾ ਕੇ ਠੰਢ ਕਾਰਨ ਠੀਕ ਤਰ੍ਹਾਂ ਧਿਆਨ ਨਹੀਂ ਲਾ ਸਕਦੇ ਅਤੇ ਕਲਾਸਾਂ ਵਿੱਚ ਕੰਬਦੇ ਰਹਿੰਦੇ ਹਨ। ਇਸ ਨਾਲ ਪੜ੍ਹਾਈ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ। ਮਾਪਿਆਂ ਦਾ ਮੰਨਣਾ ਹੈ ਕਿ ਕੁਝ ਦਿਨਾਂ ਦੀ ਵਾਧੂ ਛੁੱਟੀ ਨਾਲ ਬੱਚਿਆਂ ਨੂੰ ਆਰਾਮ ਮਿਲੇਗਾ ਅਤੇ ਮੌਸਮ ਸੁਧਰਨ ’ਤੇ ਉਹ ਦੁਬਾਰਾ ਤੰਦਰੁਸਤ ਮਨ ਨਾਲ ਪੜ੍ਹਾਈ ਕਰ ਸਕਣਗੇ। ਜ਼ਿਕਰਯੋਗ ਹੈ ਬਠਿੰਡਾ ਪਿਛਲੇ ਕਈ ਦਿਨਾਂ ਤੋਂ ਸਭ ਤੋਂ ਵੱਧ ਠੰਢਾ ਚੱਲ ਰਿਹਾ ਹੈ। ਬਠਿੰਡਾ ਦਾ ਤਾਪਮਾਨ 1.6 ਡਿਗਰੀ ਸੈਲਸੀਅਸ ਤਕ ਪੁੱਜ ਚੁੱਕਾ ਹੈ।