ਪੀਐੱਮ ਸ਼੍ਰੀ ਸਰਕਾਰੀ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Publish Date: Thu, 15 Jan 2026 04:54 PM (IST)
Updated Date: Thu, 15 Jan 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸੰਸਥਾ ਦੀ ਤਰੱਕੀ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਚੰਗੀ ਸਿਹਤ, ਮਨ ਦੀ ਸ਼ਾਂਤੀ ਅਤੇ ਸਰਬੱਤ ਦੀ ਖੁਸ਼ਹਾਲੀ ਦੀ ਕਾਮਨਾ ਲਈ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਸਕੂਲ ਮੁਖੀ ਦਵਿੰਦਰ ਪਾਲ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਸਕੂਲ ਖੁੱਲ੍ਹਣ ਮੌਕੇ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ। ਪਾਠੀ ਸਿੰਘਾਂ ਵੱਲੋਂ ਸਵੇਰੇ 11 ਵਜੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਗਿਆ, ਜਿਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਰਪੂਰ ਸ਼ਰਧਾ ਨਾਲ ਪਾਠ ਸਰਵਣ ਕੀਤਾ। ਇਸ ਉਪਰੰਤ ਦੁਪਹਿਰ ਡੇਢ ਵਜੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਵਿਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਸਮਾਪਤੀ ਉਪਰੰਤ ਚਾਹ-ਪਾਣੀ ਦਾ ਲੰਗਰ ਵੀ ਵਰਤਾਇਆ ਗਿਆ। ਚਾਹ-ਪਾਣੀ ਦੇ ਲੰਗਰ ਦੀ ਸੇਵਾ ਸਕੂਲ ਦੇ ਵਿਦਿਆਰਥੀਆਂ ਅਰਮਾਨਜੀਤ ਅਤੇ ਹਰਜਿੰਦਰ ਵੱਲੋਂ ਨਿਭਾਈ ਗਈ। ਇਸ ਮੌਕੇ ਸਕੂਲ ਡੀਪੀ ਰਵਿੰਦਰ ਸਿੰਘ, ਗੁਰਮੇਲ ਸਿੰਘ ਅਤੇ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ ਨਿਭਾਈ ਗਈ। ਇਸ ਸਮਾਗਮ ਵਿਚ ਸਮੂਹ ਅਧਿਆਪਕਾਂ, ਵਿਦਿਆਰਥੀ, ਐੱਸਐੱਮਸੀ ਕਮੇਟੀ ਦੇ ਮੈਂਬਰ ਅਤੇ ਪ੍ਰਾਇਮਰੀ ਵਿੰਗ ਦੇ ਮੁਖੀ ਰਘਵੀਰ ਸਿੰਘ ਸਹਿਤ ਪ੍ਰਾਇਮਰੀ ਵਿੰਗ ਦੇ ਅਧਿਆਪਕ ਵੀ ਹਾਜ਼ਰ ਸਨ।