ਕਿਸਾਨਾਂ ਦੀ ਰਿਹਾਈ ਲਈ ਮੋਰਚਾ ਤੀਜੇ ਦਿਨ ਵੀ ਰਿਹਾ ਜਾਰੀ
ਜੇਲ੍ਹ ਵਿਚ ਬੰਦ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਕੱਢਿਆ ਰੋਸ ਮਾਰਚ
Publish Date: Wed, 14 Jan 2026 06:21 PM (IST)
Updated Date: Thu, 15 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਿਸਾਨਾਂ ਮਜ਼ਦੂਰਾਂ ਨੇ ਡੀਸੀ ਬਠਿੰਡਾ ਦਫਤਰ ਅੱਗੇ ਲੱਗੇ ਮੋਰਚੇ ’ਚ ਸੰਘਰਸ਼ੀ ਲੋਹੜੀ ਮਨਾਈ। ਇਸ ਦੌਰਾਨ ਕਿਸਾਨਾਂ ਨੇ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ। ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਦੀ ਰਿਹਾਈ ਲਈ ਡੀਸੀ ਦਫਤਰ ਬਠਿੰਡਾ ਅੱਗੇ ਮੋਰਚਾ ਲਾ ਕੇ ਬੈਠੇ ਹੋਏ ਹਨ। ਕਿਸਾਨਾਂ ਨੇ ਬਾਅਦ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਤੇ ਮਹਿਣਾ ਚੌਂਕ ਦੇ ਬਾਜ਼ਾਰਾਂ ਵਿੱਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ। ਮੁਜਾਹਰੇ ਦੌਰਾਨ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਹੱਕ ਸੱਚ ਦੀ ਆਵਾਜ਼ ਦੇ ਵਿੱਚ ਪੂਰੀ ਤਰ੍ਹਾਂ ਸਮਰਥਨ ਜਟਾਇਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਅੱਜ ਇਕ ਪਾਸੇ ਤਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਹੋਰ ਵੋਟ ਪਾਰਟੀਆਂ ਜਬਰ ਜੁਲਮ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋਏ 40 ਮੁਕਤਿਆਂ ਦੀ ਧਰਤੀ ਮੁਕਤਸਰ ਸਾਹਿਬ ਵਿਖੇ ਰੈਲੀਆਂ ਕਰ ਰਹੇ ਹਨ, ਦੂਜੇ ਪਾਸੇ ਚੌਕੇ ਦੇ ਆਦਰਸ਼ ਸਕੂਲ ਦੀ ਮੈਨੇਜਮੈਂਟ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰ ਰਹੇ ਹਨ। ਉਸ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਭ੍ਰਿਸ਼ਟਾਚਾਰੀਆਂ ਖਿਲਾਫ ਕਾਰਵਾਈ ਕਰਾਉਣ ਲਈ ਸੰਘਰਸ਼ ਦਾ ਸਮਰਥਨ ਕਰਦੇ ਹੋਏ ਤੇ ਆਪਣੇ ਪੁਰਖਿਆਂ ਵੱਲੋਂ ਸਦੀਆਂ ਤੋਂ ਆਬਾਦ ਕੀਤੀਆਂ ਜਮੀਨਾਂ ਦੀ ਰਾਖੀ ਦਾ ਸੰਘਰਸ਼ ਕਰਦੇ ਹੋਏ ਕਿਸਾਨਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਨੌ ਮਹੀਨਿਆਂ ਤੋਂ ਬਠਿੰਡਾ ਦੀ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਕਿਸਾਨ ਆਗੂ ਸਗਨਦੀਪ ਸਿੰਘ ਦੀ ਮਾਤਾ ਦਾ ਦੇਹਾਂਤ ਹੋਣ ਤੇ ਚੌਥੇ ਦਿਨ ਤਕ ਵੀ ਉਸਨੂੰ ਮਾਤਾ ਦੀਆਂ ਸੰਸਾਰਕ ਯਾਤਰਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਜਮਾਨਤ ਵੀ ਨਹੀਂ ਦਿੱਤੀ ਜਾ ਰਹੀ। ਕਿਸਾਨ ਆਗੂਆਂ ਨੂੰ ਦੀ ਜੇਲ੍ਹ ’ਚੋਂ ਰਿਹਾਈ ਤਕ ਸੰਘਰਸ਼ ਜਾਰੀ ਰਹੇਗਾ। ਸਟੇਜ ਸਕੱਤਰ ਦੀ ਭੂਮਿਕਾ ਜਗਦੇਵ ਸਿੰਘ ਜੋਗੇਵਾਲਾ ਨੇ ਨਿਭਾਈ । ਮੋਰਚੇ ਵਿੱਚ ਅੱਜ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ, ਜਸਵੀਰ ਸਿੰਘ ਬੁਰਜ ਸੇਮਾ, ਜਸਪਾਲ ਸਿੰਘ ਕੋਠਾ ਗੁਰੂ, ਗੁਲਾਬ ਸਿੰਘ ਜਿਉਂਦ, ਨੀਟਾ ਸਿੰਘ ਦਿਓਣ, ਧਰਮਪਾਲ ਸਿੰਘ ਜੰਡੀਆਂ, ਰਣਜੋਧ ਸਿੰਘ ਮਾਹੀ ਨੰਗਲ, ਗੁਰਦੀਪ ਸਿੰਘ ਮਾਈਸਰਖਾਨਾ ਵੀ ਸ਼ਾਮਲ ਸਨ।