ਲੋਹੜੀ ਮਨਾ ਕੇ ਮੁੰਡਿਆਂ ਤੇ ਧੀਆਂ ’ਚ ਮਿਟਾਇਆ ਫ਼ਰਕ
ਬਲਾਕ ਬਾਲਿਆਂਵਾਲੀ ’ਚ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ
Publish Date: Wed, 14 Jan 2026 06:15 PM (IST)
Updated Date: Thu, 15 Jan 2026 04:07 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ੈਲੀ ਅਰੋੜਾ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਵਿੱਚ ਨਵ ਜੰਮੀਆਂ ਲੜਕੀਆਂ ਦੀ ਲੋਹੜੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ ਗਈ। ਇਸ ਮੌਕੇ ਬਲਾਕ ਦੇ ਪਿੰਡ ਪਿੱਥੋ ਅਤੇ ਢੱਡੇ ਵਿੱਚ ਵਿਸ਼ੇਸ਼ ਤੌਰ ’ਤੇ ਧੀਆਂ ਦੀ ਲੋਹੜੀ ਮਨਾਕੇ ਸਮਾਜ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਮੁੰਡਿਆਂ ਅਤੇ ਕੁੜੀਆਂ ਵਿੱਚ ਕੋਈ ਭੇਦਭਾਵ ਨਹੀਂ। ਡਾ. ਸ਼ੈਲੀ ਅਰੋੜਾ ਨੇ ਕਿਹਾ ਕਿ ਨਵ ਜੰਮੀਆਂ ਧੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ, ਜੋ ਸਮਾਜ ਵਿੱਚ ਧੀ ਦੀ ਕਦਰ ਅਤੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਮੁੰਡਿਆਂ ਤੇ ਕੁੜੀਆਂ ਵਿੱਚ ਕੋਈ ਅੰਤਰ ਨਹੀਂ ਰਿਹਾ, ਧੀਆਂ ਹਰ ਖੇਤਰ ਵਿੱਚ ਅੱਗੇ ਵੱਧ ਕੇ ਕਾਮਯਾਬੀਆਂ ਦੇ ਝੰਡੇ ਗੱਡ ਰਹੀਆਂ ਹਨ। ਇਸ ਲਈ ਲਿੰਗ ਅਧਾਰਿਤ ਭੇਦਭਾਵ ਨੂੰ ਤਿਆਗਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਪੀਐਨਡੀਟੀ ਐਕਟ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਭਰੂਣ ਹੱਤਿਆ ਕਾਨੂੰਨੀ ਅਪਰਾਧ ਹੈ ਅਤੇ ਇਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ। ਸਮਾਜ ਦੇ ਹਰ ਵਰਗ ਨੂੰ ਧੀ ਬਚਾਓ–ਧੀ ਪੜ੍ਹਾਓ ਦੇ ਸੰਦੇਸ਼ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਡਾ. ਕਮਲਜੀਤ ਸਿੰਘ, ਡਾ. ਮੁਸਕਾਨ ਬਾਂਸਲ, ਡਾ. ਨਵਨੀਤ ਕੌਰ, ਡਾ. ਰਾਜਨ, ਜਗਤਾਰ ਸਿੰਘ ਬੀਈਈ, ਮਨਜੀਤ ਸਿੰਘ ਬੀਈਈ, ਪਵਨ ਕੁਮਾਰ ਹੈਲਥ ਸੁਪਰਵਾਈਜ਼ਰ, ਨਰਸਿੰਗ ਸਿਸਟਰ ਰਵਿੰਦਰ ਕੌਰ, ਦੀਪਕ ਗਰਗ, ਸਿਹਤ ਕਰਮਚਾਰੀ ਅਵਤਾਰ ਸਿੰਘ ਸਮੇਤ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।