- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਕਰ ਸੰਕਰਾਂਤੀ ਮੌਕੇ ਖੁੱਲ੍ਹੇ ਸਕੂਲ, ਪਹਿਲੇ ਦਿਨ ਸਿਰਫ਼ 20 ਫੀਸਦੀ ਰਹੀ ਹਾਜ਼ਰੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : 23 ਦਸੰਬਰ ਤੋਂ ਲਾਗੂ ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਨਵੇਂ ਸਾਲ 2026 ਵਿੱਚ ਮਕਰ ਸੰਕਰਾਂਤੀ ਦੇ ਮੌਕੇ 14 ਜਨਵਰੀ ਨੂੰ ਜ਼ਿਲ੍ਹੇ ਭਰ ਦੇ ਸਕੂਲ ਮੁੜ ਖੁੱਲ੍ਹ ਗਏ। ਹਾਲਾਂਕਿ ਕੜਾਕੇ ਦੀ ਠੰਢ ਅਤੇ ਲਗਾਤਾਰ ਖਰਾਬ ਹੋ ਰਹੇ ਮੌਸਮ ਨੂੰ ਦੇਖਦਿਆਂ ਸਰਕਾਰ ਵੱਲੋਂ ਇਸ ਦੌਰਾਨ ਦੋ ਵਾਰ ਸਰਦੀ ਦੀਆਂ ਛੁੱਟੀਆਂ ਦੀ ਮਿਆਦ ਵਧਾਈ ਗਈ ਸੀ। ਲੰਬੇ ਅੰਤਰਾਲ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਬਾਵਜੂਦ ਪਹਿਲੇ ਹੀ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਕਾਫ਼ੀ ਘੱਟ ਰਹੀ ਅਤੇ ਔਸਤਨ ਲਗਭਗ 20 ਫੀਸਦੀ ਹਾਜ਼ਰੀ ਹੀ ਦਰਜ ਕੀਤੀ ਗਈ। ਸਵੇਰੇ ਸਮੇਂ ਸੰਘਣੀ ਧੁੰਦ ਛਾਈ ਰਹਿਣ ਕਾਰਨ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ਵਿੱਚ ਦ੍ਰਿਸ਼ਟਤਾ ਬਹੁਤ ਘੱਟ ਹੋਣ ਕਾਰਨ ਸੜਕ ਆਵਾਜਾਈ ਵੀ ਪ੍ਰਭਾਵਿਤ ਰਹੀ। ਮਾਪਿਆਂ ਨੇ ਬੱਚਿਆਂ ਨੂੰ ਘਰੋਂ ਸਕੂਲ ਭੇਜਦੇ ਸਮੇਂ ਖਾਸ ਸਾਵਧਾਨੀ ਵਰਤੀ, ਜਦਕਿ ਕਈ ਮਾਪਿਆਂ ਨੇ ਧੁੰਦ ਅਤੇ ਠੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਘਰ ਹੀ ਰੱਖਣਾ ਠੀਕ ਸਮਝਿਆ। ਇਸਦਾ ਸਿੱਧਾ ਅਸਰ ਸਕੂਲਾਂ ਦੀ ਹਾਜ਼ਰੀ ’ਤੇ ਵੇਖਣ ਨੂੰ ਮਿਲਿਆ। ਹਾਲਾਕਿ ਮਾਪਿਆਂ ਦਾ ਕਹਿਣਾ ਸੀ ਕਿ ਅਜੇ ਠੰਢ ਬਹੁਤ ਜਿਆਦਾ ਹੈ, ਪਰ ਸਰਕਾਰ ਦਾ ਸਕੂਲ ਖੋਲਣ ਦਾ ਫੈਸਲਾ ਸਹੀ ਨਹੀਂ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਛੁੱਟੀਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਹਾਜ਼ਰੀ ਹੌਲੀ-ਹੌਲੀ ਸੁਧਰਣ ਦੀ ਉਮੀਦ ਹੈ। ਅਧਿਆਪਕਾਂ ਮੁਤਾਬਕ ਪਹਿਲੇ ਦਿਨ ਜਿਆਦਾਤਰ ਉਹੀ ਵਿਦਿਆਰਥੀ ਸਕੂਲ ਪਹੁੰਚੇ, ਜਿਨ੍ਹਾਂ ਦੇ ਘਰ ਸਕੂਲ ਦੇ ਨੇੜੇ ਹਨ ਜਾਂ ਜਿਨ੍ਹਾਂ ਕੋਲ ਨਿੱਜੀ ਸਾਧਨ ਉਪਲਬਧ ਹਨ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਣ ਵਾਲੇ ਬੱਚਿਆਂ ਦੀ ਗਿਣਤੀ ਕਾਫ਼ੀ ਘੱਟ ਰਹੀ। ਕੁਝ ਸਕੂਲਾਂ ਵਿੱਚ ਬੱਚਿਆਂ ਨੂੰ ਵੱਧ ਦੇਰ ਠੰਢ ਵਿੱਚ ਨਾ ਖੜਾ ਰਹਿਣਾ ਪਵੇ, ਇਸ ਲਈ ਸਵੇਰ ਦੀ ਪ੍ਰਾਰਥਨਾ ਸਭਾ ਵੀ ਸੰਖੇਪ ਰੱਖੀ ਗਈ। ਦੂਜੇ ਪਾਸੇ ਮਾਪਿਆਂ ਵਿੱਚ ਮੌਸਮ ਨੂੰ ਲੈ ਕੇ ਚਿੰਤਾ ਬਰਕਰਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਵੀ ਸਵੇਰੇ ਅਤੇ ਸ਼ਾਮ ਵੇਲੇ ਕੜਾਕੇ ਦੀ ਠੰਢ ਦੇ ਨਾਲ-ਨਾਲ ਸੰਘਣੀ ਧੁੰਦ ਪੈਂਦੀ ਹੈ, ਜੋ ਖਾਸ ਕਰਕੇ ਛੋਟੇ ਬੱਚਿਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਮਾਪਿਆਂ ਨੇ ਸਰਕਾਰ ਕੋਲ ਮੰਗ ਰੱਖੀ ਹੈ ਕਿ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਦੀਆਂ ਛੁੱਟੀਆਂ ਕੁਝ ਹੋਰ ਦਿਨਾਂ ਲਈ ਵਧਾਈਆਂ ਜਾਣ ਜਾਂ ਫਿਰ ਸਕੂਲਾਂ ਦਾ ਸਮਾਂ ਅੱਗੇ ਕੀਤਾ ਜਾਵੇ, ਤਾਂ ਜੋ ਬੱਚਿਆਂ ਨੂੰ ਸਵੇਰੇ ਦੀ ਠੰਢ ਅਤੇ ਧੁੰਦ ਤੋਂ ਰਾਹਤ ਮਿਲ ਸਕੇ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਠੰਢ ਅਤੇ ਧੁੰਦ ਤੋਂ ਪੂਰੀ ਤਰ੍ਹਾਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ, ਜਿਸ ਕਾਰਨ ਮਾਪਿਆਂ ਅਤੇ ਸਕੂਲ ਪ੍ਰਬੰਧਨ ਦੀ ਚਿੰਤਾ ਹੋਰ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਬਠਿੰਡਾ ਜ਼ਿਲ੍ਹੇ ਦਾ ਤਾਪਮਾਨ 1.6 ਡਿਗਰੀ ਸੈਲਸੀਅਸ ਚੱਲ ਰਿਹਾ ਹੈ।