ਭਲਕੇ ਡੀਸੀ ਦਫ਼ਤਰ ਅੱਗੇ ਪਰਿਵਾਰਾਂ ਸਣੇ ਧਰਨਾ ਦੇਣ ਦਾ ਐਲਾਨ
16 ਜਨਵਰੀ ਨੂੰ ਡੀਸੀ ਦਫ਼ਤਰ ਬਠਿੰਡਾ ਅੱਗੇ ਪਰਿਵਾਰਾਂ ਸਮੇਤ ਧਰਨਾ ਦੇਣ ਦਾ ਐਲਾਨ
Publish Date: Wed, 14 Jan 2026 05:49 PM (IST)
Updated Date: Thu, 15 Jan 2026 04:07 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਬਾਬਾ ਜੀਵਨ ਸਿੰਘ ਧਰਮਸ਼ਾਲਾ ’ਚ ਇਕ ਭਰਵੀਂ ਰੈਲੀ ਕੀਤੀ ਗਈ। ਰੈਲੀ ਦੌਰਾਨ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਇਆ। ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ ਕਿਹਾ ਕਿ ਕੇਂਦਰ ਵੱਲੋਂ ਮਨਰੇਗਾ ਦੀ ਥਾਂ ਲਿਆਂਦਾ ਗਿਆ ਵੀਬੀਜੀ ਰਾਮ ਜੀ ਬਿੱਲ, ਬਿਜਲੀ ਕਾਨੂੰਨ 2025 ਤੇ 29 ਕਿਰਤ ਕਾਨੂੰਨਾਂ ਨੂੰ ਤੋੜ ਕੇ ਬਣਾਏ ਗਏ ਚਾਰ ਕਿਰਤ ਕੋਡ ਮਜ਼ਦੂਰ ਵਿਰੋਧੀ ਹਨ। ਇਹ ਕਾਨੂੰਨ ਮਜ਼ਦੂਰਾਂ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ ਅਤੇ ਇਨ੍ਹਾਂ ਨਾਲ ਗਰੀਬ ਮਜ਼ਦੂਰ ਹੋਰ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਜ਼ਦੂਰ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਅਤੇ 90 ਜਥੇਬੰਦੀਆਂ ਦੇ ਸਾਂਝੇ ਫੋਰਮ ਵੱਲੋਂ 16 ਜਨਵਰੀ ਨੂੰ ਡੀਸੀ ਦਫ਼ਤਰ ਬਠਿੰਡਾ ਅੱਗੇ ਰੋਸ ਭਰਪੂਰ ਧਰਨਾ ਦਿੱਤਾ ਜਾਵੇਗਾ। ਧਰਨੇ ਦੀ ਤਿਆਰੀ ਵਜੋਂ ਅੱਜ ਦੀ ਰੈਲੀ ਦੌਰਾਨ ਹੱਥ ਖੜ੍ਹੇ ਕਰ ਕੇ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿੰਡ ਸੇਲਬਰਾਹ ਤੋਂ ਮਜ਼ਦੂਰ ਪਰਿਵਾਰਾਂ ਸਮੇਤ ਡੀਸੀ ਦਫ਼ਤਰ ਬਠਿੰਡਾ ਵਿੱਚ ਹੋਣ ਵਾਲੇ ਧਰਨੇ ਵਿੱਚ ਭਰਪੂਰ ਸ਼ਮੂਲੀਅਤ ਕੀਤੀ ਜਾਵੇਗੀ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਇਕ ਪਾਸੇ ਸੂਬਾ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਵੀਬੀਜੀ ਰਾਮ ਜੀ ਬਿੱਲ ਨੂੰ ਰੱਦ ਕਰਨ ਦਾ ਮਤਾ ਪਾਸ ਕਰਦੀ ਹੈ, ਪਰ ਦੂਜੇ ਪਾਸੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਮਜ਼ਦੂਰ ਵਿਰੋਧੀ ਕਿਰਤ ਕੋਡਾਂ ਨੂੰ ਲਾਗੂ ਕਰਕੇ ਸਰਮਾਏਦਾਰਾਂ ਨੂੰ ਮਜ਼ਦੂਰਾਂ ਦੀ ਲੁੱਟ ਲਈ ਖੁੱਲ੍ਹੀ ਛੂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਜਨਤਕ ਖੇਤਰ ਦੀਆਂ ਜਾਇਦਾਦਾਂ ਵੇਚੀਆਂ ਜਾ ਰਹੀਆਂ ਹਨ ਤੇ ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਵੀਬੀ ਜੀ ਰਾਮ ਜੀ ਬਿੱਲ ਨੂੰ ਰੱਦ ਕਰਵਾਉਣ ਅਤੇ ਮਨਰੇਗਾ ਕਾਨੂੰਨ ਵਿੱਚ ਮਜ਼ਦੂਰ ਪੱਖੀ ਸੋਧਾਂ ਕਰਵਾ ਕੇ ਲਾਗੂ ਕਰਨ ਤੱਕ ਸੰਘਰਸ਼ ਲਗਾਤਾਰ ਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਲਾਭ ਸਿੰਘ ਸੇਲਬਰਾਹ, ਮਲਕੀਤ ਸਿੰਘ ਸੇਲਬਰਾਹ, ਸਾਧੂ ਸਿੰਘ ਸੇਲਬਰਾਹ, ਮਨਪ੍ਰੀਤ ਕੌਰ ਸੇਲਬਰਾਹ ਸਮੇਤ ਹੋਰ ਕਈ ਮਜ਼ਦੂਰ ਆਗੂ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।