ਕਾਲਜ ਆਫ਼ ਲਾਅ ’ਚ ਲੋਹੜੀ ’ਤੇ ਪਾਇਆ ਭੰਗੜਾ
ਬਠਿੰਡਾ ਕਾਲਜ ਆਫ਼ ਲਾਅ ਵਿੱਚ ਲੋਹੜੀ ਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ
Publish Date: Wed, 14 Jan 2026 05:32 PM (IST)
Updated Date: Thu, 15 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਕਾਲਜ ਆਫ਼ ਲਾਅ ਵਿੱਚ ਬੁੱਧਵਾਰ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਪਾਵਨ ਤਿਉਹਾਰ ਬੜੀ ਧੂਮਧਾਮ, ਖੁਸ਼ੀ ਅਤੇ ਰਵਾਇਤੀ ਜੋਸ਼ ਨਾਲ ਮਨਾਇਆ ਗਿਆ। ਕਾਲਜ ਵਿੱਚ ਕਰਵਾਏ ਗਏ ਇਸ ਸੱਭਿਆਚਾਰਕ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੀ ਅਗਵਾਈ ਕਾਲਜ ਦੇ ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਨੇ ਕੀਤੀ, ਜਿਨ੍ਹਾਂ ਦੀ ਹਾਜ਼ਰੀ ਨਾਲ ਸਮਾਰੋਹ ਹੋਰ ਵੀ ਸ਼ਾਨਦਾਰ ਬਣ ਗਿਆ। ਇਸ ਮੌਕੇ ਕਾਲਜ ਵਿੱਚ ਰਿਵਾਇਤੀ ਤਰੀਕੇ ਨਾਲ ਲੋਹੜੀ ਜਲਾਈ ਗਈ, ਜਿਸ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਨੇ ਤਿਲ, ਮੂੰਗਫਲੀ, ਗੱਜਕ ਤੇ ਰੇਵੜੀਆਂ ਅਰਪਣ ਕੀਤੀਆਂ। ਕਾਲਜ ਦੇ ਵੇਹੜੇ ਵਿੱਚ ਲੋਕ ਸੱਭਿਆਚਾਰ ਅਤੇ ਉਤਸ਼ਾਹ ਭਰਿਆ ਮਾਹੌਲ ਵੇਖਣ ਨੂੰ ਮਿਲਿਆ। ਢੋਲ ਦੀ ਥਾਪ ’ਤੇ ਵਿਦਿਆਰਥੀਆਂ ਅਤੇ ਸਟਾਫ਼ ਨੇ ਜੋਸ਼ ਨਾਲ ਭੰਗੜਾ ਪਾ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਨੇ ਆਪਣੇ ਸੰਬੋਧਨ ਦੌਰਾਨ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀ ਮਹੱਤਤਾ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਨਵੀਂ ਫਸਲ, ਮਿਹਨਤ ਦੇ ਸਨਮਾਨ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਆਖਿਆ ਕਿ ਐਸੇ ਸੱਭਿਆਚਾਰਕ ਸਮਾਗਮਾਂ ਨਾਲ ਵਿਦਿਆਰਥੀਆਂ ਵਿੱਚ ਭਾਰਤੀ ਰਿਵਾਇਤਾਂ ਪ੍ਰਤੀ ਆਦਰ ਵਧਦਾ ਹੈ ਅਤੇ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ। ਕਾਲਜ ਦੀ ਪ੍ਰਿੰਸੀਪਲ ਸਵਿਤਾ ਨੇ ਵੀ ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਿੱਖਿਆ ਦਾਇਕ ਮਾਹੌਲ ਨੂੰ ਸਕਾਰਾਤਮਕ ਬਣਾਉਂਦੇ ਹਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਸਮਾਰੋਹ ਦੇ ਅੰਤ ਵਿੱਚ ਸਾਰਿਆਂ ਨੇ ਇਕ ਦੂਜੇ ਨੂੰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਿਲ ਬੈਠ ਕੇ ਰਵਾਇਤੀ ਪਕਵਾਨਾਂ ਦਾ ਆਨੰਦ ਲਿਆ।