ਮੰਡੀ ਕਲਾਂ ਹਸਪਤਾਲ ’ਚ ਮਨਾਈ ਧੀਆਂ ਦੀ ਲੋਹੜੀ
ਮੰਡੀ ਕਲਾਂ ਹਸਪਤਾਲ ਵਿੱਚ ਧੀਆਂ ਦੀ ਲੋਹੜੀ ਮਨਾਈ
Publish Date: Wed, 14 Jan 2026 05:25 PM (IST)
Updated Date: Thu, 15 Jan 2026 04:04 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸਰਕਾਰੀ ਹਸਪਤਾਲ ਪਿੰਡ ਮੰਡੀ ਕਲਾਂ ਵਿੱਚ ਨਵਜੰਮੀ ਧੀਆਂ ਦੀ ਲੋਹੜੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੌਰਾਨ ਧੀਆਂ ਦੇ ਜਨਮ ਨੂੰ ਸਮਾਜ ਲਈ ਵਰਦਾਨ ਦੱਸਦਿਆਂ ਲਿੰਗ ਸਮਾਨਤਾ ਦਾ ਸਨੇਹਾ ਦਿੱਤਾ ਗਿਆ। ਇਸ ਮੌਕੇ ਜਨੇਪਾ ਸੈਂਟਰ ਮੰਡੀ ਕਲਾਂ ਵਿੱਚ ਅੱਜ ਹੀ ਇੱਕ ਬੱਚੀ ਦੇ ਜਨਮ ਨਾਲ ਹਸਪਤਾਲ ਦਾ ਮਾਹੌਲ ਖੁਸ਼ਗਵਾਰ ਹੋ ਗਿਆ। ਹਸਪਤਾਲ ਸਟਾਫ ਅਤੇ ਨਵਜੰਮੀ ਬੱਚੀਆਂ ਦੇ ਮਾਪਿਆਂ ਵੱਲੋਂ ਮਿਲ ਕੇ ਕੇਕ ਕੱਟਿਆ ਗਿਆ ਤੇ ਬੱਚੀਆਂ ਨੂੰ ਤੋਹਫ਼ੇ ਤੇ ਸ਼ਗਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੀਐਚਓ ਸਿਮਰਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਯੁੱਗ ਵਿੱਚ ਮੁੰਡਿਆਂ ਤੇ ਕੁੜੀਆਂ ਵਿੱਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਧੀਆਂ ਪੜ੍ਹ-ਲਿਖ ਕੇ ਸਮਾਜ ਵਿੱਚ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਪੀਐੱਨਡੀਪੀ ਐਕਟ ਬਾਰੇ ਜਾਣਕਾਰੀ ਦਿੰਦਿਆਂ ਭਰੂਣ ਹੱਤਿਆ ਨੂੰ ਗੰਭੀਰ ਕਾਨੂੰਨੀ ਅਪਰਾਧ ਕਰਾਰ ਦਿੱਤਾ ਅਤੇ ਇਸ ਖ਼ਿਲਾਫ਼ ਸਮੂਹਕ ਜਾਗਰੂਕਤਾ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਦੀ ਇਸ ਸੁੰਦਰ ਪਰੰਪਰਾ ਨੂੰ ਅੱਗੇ ਵੀ ਹਰ ਸਾਲ ਜਾਰੀ ਰੱਖਿਆ ਜਾਵੇਗਾ। ਸਮਾਗਮ ਵਿੱਚ ਡਾ. ਦਿਪਤੀ ਗਰਗ, ਡਾ. ਜਸਦੀਪ ਸਿੰਘ, ਡਾ. ਗੁਰਜੋਤ ਸਿੰਘ, ਅਮਨਦੀਪ ਕੌਰ (ਸਟਾਫ ਨਰਸ), ਕਰਮਜੀਤ ਸਿੰਘ (ਐਸਆਈ.), ਗੁਰਪ੍ਰੀਤ ਕੌਰ, ਕਿਰਨਦੀਪ ਕੌਰ, ਸ਼ਗਨਦੀਪ ਕੌਰ, ਸਿਹਤ ਕਰਮਚਾਰੀ ਸੁਖਵੰਤ ਸਿੰਘ, ਸਤਪਾਲ, ਸਮੂਹ ਆਸ਼ਾ ਵਰਕਰਾਂ ਅਤੇ ਗੱਗੀ ਸਿੱਧੂ ਭਾਈਕਾ ਨੇ ਹਾਜ਼ਰੀ ਭਰੀ।