ਪਿੰਡ ਸ਼ੇਖੂ ’ਚ ਏਅਰਟੈੱਲ ਨੈੱਟਵਰਕ ਦੀ ਸਮੱਸਿਆ, ਖਪਤਕਾਰ ਪਰੇਸ਼ਾਨ
ਪਿੰਡ ਸ਼ੇਖੂ ਵਿੱਚ ਲੰਮੇ ਸਮੇਂ ਤੋਂ ਏਅਰਟੈੱਲ ਨੈੱਟਵਰਕ ਦੀ ਸਮੱਸਿਆ, ਖਪਤਕਾਰ ਪ੍ਰੇਸ਼ਾਨ
Publish Date: Wed, 14 Jan 2026 05:14 PM (IST)
Updated Date: Thu, 15 Jan 2026 04:04 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਰਾਮਾਂ ਮੰਡੀ ਦੇ ਆਸ-ਪਾਸ ਦੇ ਪਿੰਡਾਂ ਵਿੱਚ ਏਅਰਟੈੱਲ ਨੈੱਟਵਰਕ ਨਾ ਮਿਲਣ ਕਾਰਨ ਏਅਰਟੈੱਲ ਸਿਮ ਵਰਤਣ ਵਾਲੇ ਖਪਤਕਾਰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਰਾਮਾਂ ਮੰਡੀ ਦੇ ਨੇੜਲੇ ਪਿੰਡ ਸ਼ੇਖੂ ਵਿੱਚ ਕਾਫ਼ੀ ਸਮੇਂ ਤੋਂ ਏਅਰਟੈੱਲ ਕੰਪਨੀ ਵੱਲੋਂ ਢੁੱਕਵਾਂ ਨੈੱਟਵਰਕ ਪ੍ਰਦਾਨ ਨਹੀਂ ਕੀਤਾ ਜਾ ਰਿਹਾ। ਧਿਆਨ ਵਿਚ ਲਿਆਉਣ ਦੇ ਬਾਵਜੂਦ ਕੰਪਨੀ ਵੱਲੋਂ ਨਿਯੁਕਤ ਅਧਿਕਾਰੀਆਂ ਦੇ ਕੰਨ ’ਤੇ ਜੂੰ ਤਕ ਨਹੀਂ ਸਰਕੀ। ਪਿੰਡ ਸ਼ੇਖੂ ਦੇ ਵਾਟਰ ਵਰਕਸ ਵਾਲੇ ਇਲਾਕੇ ਵਿੱਚ ਜ਼ਿਆਦਾਤਰ ਗਰੀਬ ਵਰਗ ਦੇ ਲੋਕ ਵੱਸਦੇ ਹਨ, ਜਿਸ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਖਪਤਕਾਰਾਂ ਦਾ ਦੋਸ਼ ਹੈ ਕਿ ਨਾ ਤਾਂ ਕੋਈ ਅਧਿਕਾਰੀ ਸੰਪਰਕ ਕਰਨ ‘ਤੇ ਫ਼ੋਨ ਚੁੱਕਦਾ ਹੈ ਅਤੇ ਨਾ ਹੀ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ। ਅੱਜ ਦੇ ਡਿਜੀਟਲ ਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਹਰ ਵਿਅਕਤੀ ਦਾ ਰੋਜ਼ਮਰ੍ਹਾ ਕੰਮ ਨੈੱਟਵਰਕ ਨਾਲ ਜੁੜਿਆ ਹੋਇਆ ਹੈ, ਪਰ ਇਲਾਕੇ ਵਿੱਚ ਨੈੱਟਵਰਕ ਦੀ ਹਾਲਤ ਇੰਨੀ ਖਰਾਬ ਹੈ ਕਿ ਲੋਕਾਂ ਦੇ ਦਫ਼ਤਰੀ, ਵਪਾਰਕ ਅਤੇ ਨਿੱਜੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਠੰਢ ਕਾਰਨ ਸਕੂਲਾਂ ਵਿੱਚ ਛੁੱਟੀਆਂ ਹੋਣ ਦੇ ਦੌਰਾਨ ਬੱਚਿਆਂ ਨੂੰ ਸਕੂਲਾਂ ਵੱਲੋਂ ਦਿੱਤਾ ਗਿਆ ਹੋਮਵਰਕ ਵੀ ਠੀਕ ਤਰ੍ਹਾਂ ਨਹੀਂ ਹੋ ਸਕਿਆ, ਜਿਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਖਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਅਨੁਸਾਰ ਏਅਰਟੈੱਲ ਕੰਪਨੀ ਦੇ ਉੱਚ ਅਧਿਕਾਰੀ ਆਰਾਮ ਨਾਲ ਘਰ ਬੈਠੇ ਤਨਖਾਹਾਂ ਤਾਂ ਲੈ ਰਹੇ ਹਨ, ਪਰ ਆਪਣੇ ਗ੍ਰਾਹਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਸ ਬੇਪਰਵਾਹੀ ਕਾਰਨ ਪਿੰਡ ਦੇ ਲੋਕ ਆਪਣੇ ਆਪ ਨੂੰ ਰੱਬ ਦੇ ਭਰੋਸੇ ਛੱਡਿਆ ਹੋਇਆ ਮਹਿਸੂਸ ਕਰ ਰਹੇ ਹਨ। ਨੈੱਟਵਰਕ ਦੀ ਖਰਾਬ ਸੇਵਾ ਕਾਰਨ ਪਿੰਡ ਦੇ ਕਈ ਲੋਕ ਹੋਰ ਕੰਪਨੀਆਂ ਵੱਲ ਜਾਣ ਲਈ ਮਜਬੂਰ ਹੋ ਰਹੇ ਹਨ, ਕਿਉਂਕਿ ਜਿਓ ਅਤੇ ਬੀਐਸਐਨਐਲ ਵੱਲੋਂ ਆਪਣੇ ਖਪਤਕਾਰਾਂ ਨੂੰ ਤੁਲਨਾਤਮਕ ਤੌਰ ‘ਤੇ ਬਿਹਤਰ ਨੈੱਟਵਰਕ ਸਹੂਲਤ ਦਿੱਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਪਿੰਡ ਸ਼ੇਖੂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨੈੱਟਵਰਕ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਕੇ ਯੋਗ ਨਵੇਂ ਅਧਿਕਾਰੀ ਨਿਯੁਕਤ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਮੁੜ ਸਾਹਮਣਾ ਨਾ ਕਰਨਾ ਪਵੇ।