- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਅੰਦਰ ਅਵਾਰਾ ਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਬਰਕਰਾਰ, ਲਗਾਤਾਰ ਵਾਪਰ ਰਹੇ ਹਾਦਸਿਆਂ ਨੇ ਵਧਾਈ ਲੋਕਾਂ ਦੀ ਚਿੰਤਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਅੰਦਰ ਅਵਾਰਾ ਅਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਸੜਕਾਂ, ਚੌਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਖੁੱਲ੍ਹੇਆਮ ਘੁੰਮ ਰਹੇ ਪਸ਼ੂ ਨਾ ਸਿਰਫ਼ ਟ੍ਰੈਫਿਕ ਵਿੱਚ ਰੁਕਾਵਟ ਬਣ ਰਹੇ ਹਨ, ਸਗੋਂ ਇਨ੍ਹਾਂ ਕਾਰਨ ਹੋ ਰਹੇ ਸੜਕ ਹਾਦਸਿਆਂ ਨਾਲ ਲੋਕਾਂ ਦੀ ਜਾਨ ਤੇ ਮਾਲ ਨੂੰ ਵੀ ਭਾਰੀ ਖਤਰਾ ਪੈਦਾ ਹੋ ਗਿਆ ਹੈ। ਹਾਲਾਤ ਇਹ ਹਨ ਕਿ ਹਰ ਰੋਜ਼ ਕਿਸੇ ਨਾ ਕਿਸੇ ਥਾਂ ’ਤੇ ਪਸ਼ੂਆਂ ਨਾਲ ਟੱਕਰ ਕਾਰਨ ਹਾਦਸੇ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਸਮੱਸਿਆ ਦਾ ਪੱਕਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜ਼ਿਲ੍ਹੇ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਅੰਦਰੂਨੀ ਰਸਤੇ ਤਕ ਅਵਾਰਾ ਪਸ਼ੂਆਂ ਦੀ ਭਰਮਾਰ ਹੈ। ਖਾਸ ਕਰਕੇ ਰਾਤ ਦੇ ਸਮੇਂ ਘੱਟ ਰੌਸ਼ਨੀ ਕਾਰਨ ਇਹ ਪਸ਼ੂ ਅਚਾਨਕ ਸੜਕ ’ਤੇ ਆ ਜਾਂਦੇ ਹਨ, ਜਿਸ ਨਾਲ ਦੋ-ਪਹੀਆ ਤੇ ਚਾਰ-ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਮਾਮਲਿਆਂ ਵਿੱਚ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਚੁੱਕੇ ਹਨ, ਜਦਕਿ ਕੁਝ ਹਾਦਸਿਆਂ ਵਿੱਚ ਜਾਨੀ ਨੁਕਸਾਨ ਹੋਣ ਦੀਆਂ ਵੀ ਸੂਚਨਾਵਾਂ ਮਿਲ ਰਹੀਆਂ ਹਨ।
ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਕਾਰਵਾਈ ਕਰਨ ਦੇ ਦਾਅਵੇ ਕੀਤੇ ਗਏ ਸਨ। ਗਊਸ਼ਾਲਾਵਾਂ ਵਿੱਚ ਪਸ਼ੂ ਛੱਡਣ, ਫੜਨ ਮੁਹਿੰਮਾਂ ਚਲਾਉਣ ਅਤੇ ਨਗਰ ਨਿਗਮ ਜਾਂ ਨਗਰ ਕੌਂਸਲਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਦੀ ਗੱਲ ਵੀ ਕੀਤੀ ਗਈ ਸੀ। ਇਨ੍ਹਾਂ ਕਦਮਾਂ ਨਾਲ ਲੋਕਾਂ ਨੂੰ ਕੁਝ ਸਮੇਂ ਲਈ ਆਸ ਬੱਝੀ ਸੀ ਕਿ ਸ਼ਾਇਦ ਹੁਣ ਸਮੱਸਿਆ ਦਾ ਹੱਲ ਨਿਕਲੇਗਾ, ਪਰ ਹਕੀਕਤ ਵਿੱਚ ਹਾਲਾਤ ਪਹਿਲਾਂ ਵਾਂਗ ਹੀ ਬਣੇ ਹੋਏ ਹਨ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਆਵਾਰਾ ਪਸ਼ੂਆਂ ਕਾਰਨ ਕਿਸਾਨ ਅਤੇ ਆਮ ਲੋਕ ਪ੍ਰੇਸ਼ਾਨ ਹਨ। ਖੇਤਾਂ ਵਿੱਚ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ, ਜਦਕਿ ਪਿੰਡਾਂ ਦੀਆਂ ਸੜਕਾਂ ’ਤੇ ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂ ਰਾਤ ਸਮੇਂ ਖੇਤਾਂ ਵਿਚ ਦਾਖਲ ਹੋ ਕੇ ਕਣਕ, ਸਰੋਂ ਅਤੇ ਹੋਰ ਫਸਲਾਂ ਨੂੰ ਤਬਾਹ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਸਥਾਨਕ ਵਸਨੀਕਾਂ ਅਤੇ ਸਮਾਜਕ ਜਥੇਬੰਦੀਆਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਨੂੰ ਫੜਨ ਲਈ ਜਿਹੜੀਆਂ ਟੀਮਾਂ ਬਣਾਈਆਂ ਜਾਂਦੀਆਂ ਹਨ, ਉਹ ਕੁਝ ਦਿਨਾਂ ਤਕ ਹੀ ਸਰਗਰਮ ਰਹਿੰਦੀਆਂ ਹਨ, ਪਰ ਬਾਅਦ ਵਿੱਚ ਮੁਹਿੰਮ ਠੰਢੀ ਪੈ ਜਾਂਦੀ ਹੈ। ਨਤੀਜੇ ਵਜੋਂ ਪਸ਼ੂ ਮੁੜ ਸੜਕਾਂ ’ਤੇ ਨਜ਼ਰ ਆਉਣ ਲੱਗ ਪੈਂਦੇ ਹਨ। ਇਸ ਸਮੱਸਿਆ ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਗੰਭੀਰ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਹਾਦਸਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਦੂਜੇ ਪਾਸੇ ਪ੍ਰਸ਼ਾਸਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਇੱਕ ਵੱਡੀ ਚੁਣੌਤੀ ਹੈ ਅਤੇ ਇਸਦਾ ਹੱਲ ਤੁਰੰਤ ਸੰਭਵ ਨਹੀਂ। ਅਧਿਕਾਰੀਆਂ ਮੁਤਾਬਕ ਗਊਸ਼ਾਲਾਵਾਂ ਦੀ ਸਮਰੱਥਾ ਸੀਮਤ ਹੈ ਅਤੇ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਫਿਰ ਵੀ ਸਮੱਸਿਆ ਦੇ ਹੱਲ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ’ਚ ਆਵਾਰਾ ਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਇਕ ਪਾਸੇ ਲੋਕ ਹਰ ਰੋਜ਼ ਹਾਦਸਿਆਂ ਦੇ ਖਤਰੇ ਨਾਲ ਜੂਝ ਰਹੇ ਹਨ, ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਾਅ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰ ਰਹੇ। ਹੁਣ ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਸਥਾਈ ਤੇ ਪ੍ਰਭਾਵਸ਼ਾਲੀ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ, ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।