ਐੱਸਐੱਸਡੀ ਗਰਲਜ਼ ਕਾਲਜ ’ਚ ਬੀਏ-ਬੀਐੱਡ ਕਲਾਸ ਸ਼ੁਰੂ
ਐੱਸਐੱਸਡੀ ਗਰਲਜ਼ ਕਾਲਜ ਨੂੰ ਬੀਏ-ਬੀਐੱਡ ਸ਼ੁਰੂ ਕਰਨ ਲਈ ਮਾਨਤਾ ਮਿਲੀ
Publish Date: Wed, 14 Jan 2026 04:59 PM (IST)
Updated Date: Thu, 15 Jan 2026 04:04 AM (IST)

ਸੀਨੀਅਰ ਸਟਾਂਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ 2026-27 ਦੇ ਸੈਸ਼ਨ ਤੋਂ ਐਨਸੀਟੀਈ ਦੁਆਰਾ ਮਾਨਤਾ ਪ੍ਰਾਪਤ ਚਾਰ ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜੋ ਕਿ ਅਧਿਆਪਨ ਵਿੱਚ ਪੇਸ਼ੇਵਰ ਡਿਗਰੀ ਪ੍ਰਾਪਤ ਕਰਨ ਵਾਲਿਆਂ ਲਈ ਬਹੁਤ ਲਾਭਦਾਇਕ ਹੋਵੇਗਾ। ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਦੱਸਿਆ ਕਿ ਇਹ ਕੋਰਸ ਬੀਏ ਤੇ ਬੀਐੱਡ ਦੋਵਾਂ ਕੋਰਸਾਂ ਦੇ ਬਰਾਬਰ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਬੀਏ (ਤਿੰਨ ਸਾਲ) ਅਤੇ ਬੀਐੱਡ (ਦੋ ਸਾਲ) ਲਈ ਕੁੱਲ ਪੰਜ ਸਾਲ ਪੜ੍ਹਨ ਦੀ ਬਜਾਏ ਸਿਰਫ਼ 4 ਸਾਲਾਂ ਵਿੱਚ ਸੈਕੰਡਰੀ ਪੱਧਰ ਦੇ ਸਕੂਲਾਂ ਲਈ ਅਧਿਆਪਕ ਬਣਨ ਦੇ ਯੋਗ ਬਣਾਏਗਾ। ਕੋਰਸ ਵਿੱਚ ਦਾਖਲਾ ਲੈਣ ਲਈ ਕਿਸੇ ਵੀ ਸਟ੍ਰੀਮ ਵਿੱਚ 12ਵੀਂ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਯੋਗ ਹੋਣਗੀਆਂ ਤੇ ਇਸ ਸਬੰਧ ’ਚ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਅਪ੍ਰੈਲ 2026 ਵਿੱਚ ਇੱਕ ਰਾਸ਼ਟਰੀ ਪੱਧਰ ਦੀ ਦਾਖਲਾ ਪ੍ਰੀਖਿਆ ਲਈ ਜਾਵੇਗੀ, ਜਿਸ ਵਿੱਚ ਵਿਦਿਆਰਥੀਆਂ ਨੂੰ ਫਰਵਰੀ-ਮਾਰਚ 2026 (ਐਨਟੀਏ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ) ’ਚ ਦਾਖਲਾ ਪ੍ਰੀਖਿਆ ਲਈ ਅਰਜ਼ੀ ਦੇਣੀ ਪਵੇਗੀ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ, ਪ੍ਰਸ਼ਾਸਕ ਅਤੇ ਸਲਾਹਕਾਰ ਅਨਿਲ ਸਿੰਗਲਾ (ਭੋਲਾ ਜੀ) ਨੇ ਇਸ ਚਾਰ ਸਾਲਾ ਅਧਿਆਪਕ ਸਿੱਖਿਆ ਕੋਰਸ ਲਈ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।