ਕਿਸਾਨਾਂ ਦੀ ਰਿਹਾਈ ਲਈ ਦੂਜੇ ਦਿਨ ਮੁੜ ਕੱਢਿਆ ਮਾਰਚ
ਜੇਲ੍ਹ ਵਿਚ ਬੰਦ ਕਿਸਾਨ ਆਗੂਆਂ ਦੀ ਰਿਹਾਈ ਲਈ ਦੂਜੇ ਦਿਨ ਫਿਰ ਕੱਢਿਆ ਮਾਰਚ
Publish Date: Tue, 13 Jan 2026 06:54 PM (IST)
Updated Date: Wed, 14 Jan 2026 04:10 AM (IST)
-ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਕੀਤਾ ਐਲਾਨ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਜੇਲ੍ਹ ਵਿਚ 5 ਅਪ੍ਰੈਲ 2025 ਤੋਂ ਬੰਦ ਬਲਦੇਵ ਸਿੰਘ ਤੇ ਸਗਨਦੀਪ ਸਿੰਘ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਅੱਗੇ ਚੱਲ ਰਹੇ ਮੋਰਚੇ ਦੇ ਦੂਜੇ ਦਿਨ ਵੀ ਸ਼ਹਿਰ ਵਿਚ ਮਾਰਚ ਕੱਢਿਆ ਗਿਆ। ਇਹ ਮਾਰਚ ਮੋਰਚੇ ਤੋਂ ਸ਼ੁਰੂ ਕਰ ਕੇ ਗੁਰਮੁਖੀ ਚੌਕ ਤਕ ਕੀਤਾ ਗਿਆ। ਮੰਗਲਵਾਰ ਨੂੰ ਮੋਰਚੇ ਵਿਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਔਰਤ ਜਥੇਬੰਦੀ ਦੇ ਕਰਮਜੀਤ ਕੌਰ ਲਹਿਰਾਖਾਨਾ ਨੇ ਅੱਜ ਲੋਹੜੀ ਵਾਲੇ ਦਿਨ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਜਿਵੇਂ ਮੁਗਲ ਸਾਮਰਾਜ ਨੇ ਦੁੱਲਾ ਭੱਟੀ ਦੇ ਪੁਰਖਿਆਂ ਦਾ ਕਤਲ ਕਰਕੇ ਉਨ੍ਹਾਂ ਦੇ ਪਿੰਜਰਾ ਨੂੰ ਮੁੱਖ ਦਰਵਾਜਿਆਂ ’ਤੇ ਟੰਗ ਕਿ ਸੰਕੇਤ ਦਿੱਤਾ ਸੀ ਕਿ ਕੋਈ ਅੱਗੇ ਤੋਂ ਮੁਗਲ ਸਾਮਰਾਜ ਖ਼ਿਲਾਫ਼ ਗੱਲ ਨਾ ਕਰੇ, ਉਸੇ ਤਰ੍ਹਾਂ ਹੀ ਪੰਜਾਬ ਮਾਨ ਸਰਕਾਰ ਵੱਲੋਂ ਕਿਸਾਨਾਂ, ਹੋਰ ਸੰਘਰਸ਼ੀ ਲੋਕਾਂ ਅਤੇ ਉਨ੍ਹਾਂ ਦੇ ਹੱਕ ’ਚ ਆਵਾਜ਼ ਕਰਨ ਵਾਲੇ ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ। ਸਰਕਾਰ ਨੂੰ ਭੁਲੇਖਾ ਹੈ ਕਿ ਸੰਘਰਸ਼ੀ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਉਨ੍ਹਾਂ ਦੇ ਹੱਕਾਂ ਨੂੰ ਦਬਾਇਆ ਜਾ ਸਕਦਾ ਹੈ, ਪਰ ਮੁਗਲ ਸਾਮਰਾਜ ਖਿਲਾਫ ਦੁੱਲੇ ਭੱਟੀ ਵੱਲੋਂ ਲੜੇ ਸੰਘਰਸ਼ ਤੋਂ ਸਰਕਾਰ ਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਇਹ ਆਵਾਜ਼ ਧੱਕੇ ਨਾਲ ਦਬਾਈ ਨਹੀਂ ਜਾ ਸਕਦੀ। ਕਿਸਾਨ ਆਗੂਆਂ ਨੇ ਕਿਹਾ ਕਿ ਜੇਲ੍ਹ ’ਚ ਬੰਦ ਆਗੂਆਂ ਦੀ ਰਿਹਾਈ ਤਕ ਮੋਰਚਾ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ। ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾਗੁਰੂ, ਹਰਪ੍ਰੀਤ ਕੌਰ ਜੇਠੂਕੇ, ਜਗਦੇਵ ਸਿੰਘ ਜੋਗੇਵਾਲਾ, ਗੁਲਾਬ ਸਿੰਘ ਜਿਉਂਦ, ਜਸਪਾਲ ਸਿੰਘ ਕੋਠਾਗੁਰੂ, ਅਵਤਾਰ ਸਿੰਘ ਪੂਹਲਾ, ਸਿਕੰਦਰ ਸਿੰਘ ਘੁੰਮਣ ਕਲਾਂ, ਜਸਕਰਨ ਸਿੰਘ ਕੋਟਗੁਰੂ, ਡੀਟੀਐਫ ਤੋਂ ਨਵਚਰਨ ਕੌਰ, ਆਦਰਸ ਸਕੂਲ ਚਾਉਕੇ ਤੋਂ ਬਲਵਿੰਦਰ ਸਿੰਘ, ਪੰਜਾਬ ਸਟੇਟ ਸੁਬਾਰਡੀਨੇਸਨ ਫੈੱਡਰੇਸ਼ਨ (ਵਿਗਿਆਨਕ) ਤੋਂ ਅਮਨ ਕੁਮਾਰ ਨੇ ਵੀ ਸੰਬੋਧਨ ਕੀਤਾ।