ਜੱਚਾ ਬੱਚਾ ਹਸਪਤਾਲ ’ਚ ਮਨਾਇਆ ਲੋਹੜੀ ਦਾ ਤਿਉਹਾਰ
ਜੱਚਾ ਬੱਚਾ ਹਸਪਤਾਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
Publish Date: Tue, 13 Jan 2026 05:54 PM (IST)
Updated Date: Wed, 14 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਸਥਾਨਕ ਜੱਚਾ-ਬੱਚਾ ਹਸਪਤਾਲ ’ਚ ਜ਼ਿਲ੍ਹਾ ਪੱਧਰੀ ਸਮਾਗਮ ਉਪਰੰਤ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ, ਡਾ ਊਸ਼ਾ ਗੋਇਲ, ਡਾ ਮੀਨਾਕਸ਼ੀ ਸਿੰਗਲਾ, ਡਾ ਅੰਜਲੀ ਬਾਂਸ਼ਲ ਤੇ ਪ੍ਰਭੂ ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਜੀਵ ਸ਼ਰਮਾ ਤੇ ਇਨਰਵ੍ਹੀਲ ਕਲੱਬ ਦੇ ਪ੍ਰੈਸੀਡੈਂਟ ਮੋਹਨੀ ਗੋਇਲ ਵੱਲੋ 51 ਨਵਜੰਮੀਆਂ ਬੱਚੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਤੇ ਬੱਚੀਆਂ ਤੇ ਮਾਪਿਆਂ ਨਾਲ ਲੋਹੜੀ ਮਨਾਈ ਗਈ। ਇਸ ਮੌਕੇ ਮੂੰਗਫਲੀ ਤੇ ਰਿਓੜੀਆਂ ਵੰਡੀਆਂ ਗਈਆਂ। ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ ਨੇ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚੀਆਂ ਦੀ ਤੰਦਰੁਸਤੀ ਤੇ ਤਰੱਕੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਕਿਹਾ ਕਿ ਸਾਰਿਆਂ ਨੂੰ ਕੁੜੀਆਂ ਤੇ ਮੁੰਡਿਆਂ ’ਚ ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਪੀਸੀਪੀਐੱਨਡੀਟੀ ਐਕਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਰਿੰਦਰ ਕੁਮਾਰ ਨੇ ਲੜਕੀਆਂ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤੇ ਪਘੂੰੜਾ ਸਕੀਮ ਬਾਰੇ ਜਾਣਕਾਰੀ ਦਿੱਤੀ ਕਿ ਕੁੜੀਆਂ ਨੂੰ ਕੁੱਖ ’ਚ ਖਤਮ ਨਾ ਕੀਤਾ ਜਾਵੇ, ਉਨ੍ਹਾਂ ਨੂੰ ਪੰਘੂੜਿਆਂ ਵਿਚ ਪਾ ਕੇ ਬਾਂਝ ਲੋਕਾਂ ਨੂੰ ਦਿੱਤਾ ਜਾਵੇ। ਇਸ ਮੌਕੇ ਲਿੰਗ ਅਨੁਪਾਤ ’ਚ ਸਮਾਨਤਾ ਲਿਆਉਣ ਲਈ ਵਧੀਆ ਕੰਮ ਕਰਨ ਵਾਲੀਆਂ ਆਸ਼ਾ ਮੰਜੂ ਦੇਵੀ, ਮਨਦੀਪ ਕੌਰ, ਰਾਜਪਾਲ ਕੌਰ, ਮਮਤਾ, ਗੁਰਪ੍ਰੀਤ ਕੌਰ, ਅਤੇ ਅਮਨਦੀਪ ਕੌਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।