- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੋਰਥਰਨ ਰੇਲਵੇ ਦੇ ਡੀਆਰਐਮ ਗੌਰਵ ਗੋਬਿੰਦ ਵੱਲੋਂ ਰਾਮਾਂ ਮੰਡੀ ਰੇਲਵੇ ਸਟੇਸ਼ਨ ਦਾ ਦੌਰਾ

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਨੋਰਥਰਨ ਰੇਲਵੇ, ਬੀਕਾਨੇਰ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਗੌਰਵ ਗੋਬਿੰਦ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਰਾਮਾਂ ਮੰਡੀ ਦੀ ਭਾਜਪਾ ਜਥੇਬੰਦੀ ਦੇ ਆਗੂਆਂ ਤੇ ਇਲਾਕੇ ਦੀਆਂ ਪ੍ਰਮੁੱਖ ਸਮਾਜ ਸੇਵੀ, ਧਾਰਮਿਕ ਅਤੇ ਵਪਾਰੀ ਸੰਸਥਾਵਾਂ ਵੱਲੋਂ ਰਾਮਾਂ ਮੰਡੀ ਸਟੇਸ਼ਨ ‘ਤੇ ਕੁਝ ਲੰਬੇ ਰੂਟ ਦੀਆਂ ਰੇਲ ਗੱਡੀਆਂ ਦੇ ਠਹਿਰਾਅ ਅਤੇ ਕੁਝ ਗੱਡੀਆਂ ਦੇ ਰੂਟ ਵਧਾਉਣ ਦੀ ਮੰਗ ਰੱਖੀ ਗਈ। ਭਾਜਪਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਜ਼ਿਲ੍ਹਾ ਸਕੱਤਰ ਭਾਜਪਾ ਅਮਨ ਕਾਂਤ ਚੱਠਾ ਸਮੇਤ ਹੈਲਪ ਲਾਈਨ ਵੈਲਫੇਅਰ, ਗੀਤਾ ਭਵਨ, ਸਹਾਰਾ ਕਲੱਬ, ਮਹਿੰਦੀਪੁਰ ਬਾਲਾ ਜੀ ਕਮੇਟੀ, ਆਰਐਸਐਸ ਰਾਮਾਂ ਇਕਾਈ, ਰੇਲਵੇ ਬੋਰਡ ਰਾਮਾਂ ਤੇ ਵੱਖ-ਵੱਖ ਧਾਰਮਿਕ ਤੇ ਵਪਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਡੀਆਰਐੱਮ ਗੌਰਵ ਗੋਬਿੰਦ ਨੂੰ ਲਿਖਤੀ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਵੱਲੋਂ ਅਜਮੇਰ–ਅੰਮ੍ਰਿਤਸਰ ਐਕਸਪ੍ਰੈਸ ਅਤੇ ਗੋਰਖਧਾਮ ਐਕਸਪ੍ਰੈਸ ਦੇ ਰਾਮਾਂ ਮੰਡੀ ਰੇਲਵੇ ਸਟੇਸ਼ਨ ‘ਤੇ ਠਹਿਰਾਅ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਰਾਮਾਂ ਮੰਡੀ ਰਾਹੀਂ ਗੁਜ਼ਰਨ ਵਾਲੀਆਂ ਕੁਝ ਹੋਰ ਰੇਲ ਗੱਡੀਆਂ ਦੇ ਰੂਟ ਵਧਾਉਣ ਦੀ ਵੀ ਮੰਗ ਰੱਖੀ ਗਈ। ਆਗੂਆਂ ਨੇ ਕਿਹਾ ਕਿ ਰਾਮਾਂ ਮੰਡੀ ਇਕ ਵੱਡੀ ਅਨਾਜ ਮੰਡੀ ਹੈ, ਜਿਸ ਕਾਰਨ ਵਪਾਰੀ ਵਰਗ ਅਤੇ ਆਮ ਲੋਕਾਂ ਦੀ ਸਹੂਲਤ ਲਈ ਰੇਲ ਸੇਵਾਵਾਂ ਦਾ ਵਧਾਇਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਰਾਮਾਂ ਮੰਡੀ ਸਟੇਸ਼ਨ ਹੀ ਰੇਲ ਲਿੰਕ ਨਾਲ ਜੋੜਦਾ ਹੈ, ਜਿਸ ਨਾਲ ਧਾਰਮਿਕ ਯਾਤਰੀਆਂ ਨੂੰ ਵੱਡੀ ਸਹੂਲਤ ਮਿਲਦੀ ਹੈ।