ਕਾਰਾਂ ਦੀਆਂ ਬੈਟਰੀਆਂ ਚੋਰੀ ਹੋਣ ਨਾਲ ਲੋਕਾਂ ’ਚ ਦਹਿਸ਼ਤ
ਬਠਿੰਡਾ ਵਿੱਚ ਕਾਰਾਂ ਦੀਆਂ ਬੈਟਰੀਆਂ ਚੋਰੀ ਹੋਣ ਦੀਆਂ ਘਟਨਾਵਾਂ ਨਾਲ ਦਹਿਸ਼ਤ
Publish Date: Tue, 13 Jan 2026 05:14 PM (IST)
Updated Date: Wed, 14 Jan 2026 04:03 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ’ਚ ਦਿਨ ਦਿਹਾੜੇ ਕਾਰਾਂ ਤੋਂ ਬੈਟਰੀਆਂ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਵਾਹਨ ਮਾਲਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਵਾਰਡ ਨੰਬਰ 50 ਦੇ ਐੱਮਸੀ ਮਲਕੀਤ ਸਿੰਘ ਦੀ ਕਾਰ ਨਾਲ ਸਬੰਧਤ ਹੈ, ਜਿਸ ਵਿੱਚ ਅਣਪਛਾਤੇ ਚੋਰਾਂ ਵੱਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਬੈਟਰੀ ਚੋਰੀ ਕਰ ਲਈ ਗਈ। ਇਸ ਘਟਨਾ ਤੋਂ ਬਾਅਦ ਕੌਂਸਲਰ ਮਲਕੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 12 ਜਨਵਰੀ ਨੂੰ ਉਹ ਕਿਸੇ ਕੰਮ ਸਬੰਧੀ ਕਚਹਿਰੀ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਕਾਰ ਜਲੇਬੀ ਚੌਕ ਦੇ ਨੇੜੇ ਖੜ੍ਹੀ ਕੀਤੀ ਤੇ ਕੰਮ ਲਈ ਅੰਦਰ ਚਲੇ ਗਏ। ਲਗਭਗ ਇਕ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਪੀਸੀਆਰ ਮੁਲਾਜ਼ਮ ਮੌਕੇ ’ਤੇ ਪੁੱਜੇ, ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਵਾਪਸ ਚਲੇ ਗਏ। ਮਲਕੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਹਨ ਸਟਾਰਟ ਨਹੀਂ ਹੋਇਆ। ਸ਼ੱਕ ਹੋਣ ’ਤੇ ਜਦੋਂ ਬੈਟਰੀ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਰ ਦੀ ਬੈਟਰੀ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਚੋਰ ਕਾਰ ਦਾ ਸ਼ੀਸ਼ਾ ਤੋੜ ਕੇ ਬੈਟਰੀ ਕੱਢ ਕੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹੋਰਨਾਂ ਇਲਾਕਿਆਂ ਤੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨਾਲ ਇਹ ਮਾਮਲਾ ਕਿਸੇ ਸੰਗਠਿਤ ਗਿਰੋਹ ਦੀ ਕਰਤੂਤ ਜਾਪਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿਨ ਦਿਹਾੜੇ ਭੀੜਭਾੜ ਵਾਲੇ ਇਲਾਕਿਆਂ ’ਚ ਇਸ ਤਰ੍ਹਾਂ ਦੀਆਂ ਚੋਰੀਆਂ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਤੇ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਉਸਨੇ ਮੰਗ ਕੀਤੀ ਕਿ ਪੁਲਿਸ ਪੈਟਰੋਲਿੰਗ ਵਧਾਈ ਜਾਵੇ, ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਾਰਾਂ ਤੋਂ ਬੈਟਰੀ ਚੋਰੀ ਦੀਆਂ ਘਟਨਾਵਾਂ ’ਤੇ ਰੋਕ ਲਗ ਸਕੇ। ਇਸ ਦੇ ਨਾਲ ਹੀ ਸਥਾਨਕ ਨਿਵਾਸੀਆਂ ਨੇ ਵੀ ਕਾਰ ਬੈਟਰੀ ਚੋਰੀ ਦੀਆਂ ਵਧਦੀਆਂ ਘਟਨਾਵਾਂ ’ਤੇ ਚਿੰਤਾ ਜਤਾਈ ਹੈ।