ਜ਼ਿਲ੍ਹੇ ਭਰ ’ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਜ਼ਿਲ੍ਹੇ ਭਰ ਵਿੱਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
Publish Date: Tue, 13 Jan 2026 04:48 PM (IST)
Updated Date: Wed, 14 Jan 2026 04:01 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਭਰ ’ਚ ਠੰਢ ਦੇ ਮੌਸਮ ਦਾ ਪ੍ਰਮੁੱਖ ਤਿਉਹਾਰ ਲੋਹੜੀ ਪੂਰੇ ਉਤਸ਼ਾਹ, ਖੁਸ਼ੀਆਂ ਤੇ ਰਵਾਇਤੀ ਰੰਗਾਂ ਨਾਲ ਮਨਾਇਆ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਲੋਕਾਂ ਨੇ ਅੱਗ ’ਤੇ ਤਿੱਲ ਸੁੱਟਦਿਆਂ ਅਤੇ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਲੋਹੜੀ ਦੀ ਸ਼ਾਮ ਮਨਾਈ। ਇਸ ਮੌਕੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਵਿੱਚ ਖਾਸ ਰੌਣਕ ਵੇਖਣ ਨੂੰ ਮਿਲੀ। ਲੋਹੜੀ ਦੀ ਸ਼ਾਮ ਨੂੰ ਲੋਕਾਂ ਨੇ ਘਰਾਂ ਦੇ ਬਾਹਰ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ਦੇ ਚੌਕਾਂ ਵਿੱਚ ਰਵਾਇਤੀ ਤੌਰ ’ਤੇ ਅੱਗ ਜਗਾਈ। ਲੋਕਾਂ ਵੱਲੋਂ ਅੱਗ ਦੇ ਗੇੜੇ ਲਗਾ ਕੇ ਮੂੰਗਫਲੀਆਂ, ਰਿਓੜੀਆਂ, ਗੱਚਕ ਅਤੇ ਤਿੱਲ ਦੇ ਲੱਡੂ ਅੱਗ ਵਿਚ ਪਾ ਕੇ ਰੱਬ ਦਾ ਸ਼ੁਕਰਾਨਾ ਕੀਤਾ ਗਿਆ। ਇਸ ਦੌਰਾਨ ਬੱਚਿਆਂ ਵੱਲੋਂ “ਸੁੰਦਰ ਮੁੰਦਰੀਏ ਹੋਏ” ਦੇ ਲੋਕ ਗੀਤ ਗਾ ਕੇ ਤਿਉਹਾਰ ਦੀ ਰੌਣਕ ਹੋਰ ਵੀ ਵਧਾਈ ਗਈ। ਪਿੰਡਾਂ ’ਚ ਲੋਹੜੀ ਦਾ ਤਿਉਹਾਰ ਖਾਸ ਰਵਾਇਤੀ ਅੰਦਾਜ਼ ’ਚ ਮਨਾਇਆ ਗਿਆ। ਕਈ ਪਿੰਡਾਂ ਵਿੱਚ ਪਾਥੀਆਂ ਦੀਆਂ ਲੋਹੜੀਆਂ ਪਾਈਆਂ ਗਈਆਂ, ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਇਕੱਠ ਕਰ ਕੇ ਲੋਹੜੀ ਮਨਾਈ। ਢੋਲ ਦੀ ਥਾਪ ’ਤੇ ਨੌਜਵਾਨਾਂ ਨੇ ਭੰਗੜਾ ਪਾਇਆ, ਜਦਕਿ ਮਹਿਲਾਵਾਂ ਵੱਲੋਂ ਗਿੱਧਾ ਪਾ ਕੇ ਲੋਕ ਗੀਤ ਗਾਏ ਗਏ। ਇਸ ਮੌਕੇ ਪੁਰਾਣੀਆਂ ਰਸਮਾਂ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪਰੰਪਰਾਵਾਂ ਨੂੰ ਵੀ ਯਾਦ ਕੀਤਾ ਗਿਆ। ਲੋਹੜੀ ਦੇ ਤਿਉਹਾਰ ਨੂੰ ਖਾਸ ਬਣਾਉਂਦੇ ਹੋਏ ਕਈ ਪਰਿਵਾਰਾਂ ਵੱਲੋਂ ਨਵੀਂ ਵਿਆਹੀ ਜੋੜੀ ਅਤੇ ਨਵੇਂ ਜਨਮੇ ਬੱਚੇ ਦੀ ਪਹਿਲੀ ਲੋਹੜੀ ਮਨਾਈ ਗਈ। ਇਸ ਮੌਕੇ ਰਿਸ਼ਤੇਦਾਰਾਂ, ਦੋਸਤਾਂ ਅਤੇ ਪੜੋਸੀਆਂ ਨੂੰ ਸੱਦਾ ਦੇ ਕੇ ਮੂੰਗਫਲੀਆਂ, ਰਿਉੜੀਆਂ, ਗੱਚਕ ਤੇ ਮਠਿਆਈ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਕਈ ਥਾਵਾਂ ’ਤੇ ਨਵੀਂ ਵਿਆਹੀ ਜੋੜੀ ਅਤੇ ਬੱਚੇ ਨੂੰ ਰਵਾਇਤੀ ਤੌਰ ’ਤੇ ਤੋਹਫ਼ੇ ਵੀ ਭੇਟ ਕੀਤੇ ਗਏ। ਲੋਹੜੀ ਮੌਕੇ ਲੋਕਾਂ ਵਿੱਚ ਆਪਸੀ ਭਾਈਚਾਰੇ ਅਤੇ ਸਾਂਝ ਦੀ ਭਾਵਨਾ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲੀ। ਬਜ਼ੁਰਗਾਂ ਦਾ ਕਹਿਣਾ ਸੀ ਕਿ ਲੋਹੜੀ ਸਿਰਫ਼ ਤਿਉਹਾਰ ਹੀ ਨਹੀਂ, ਸਗੋਂ ਇਹ ਪੰਜਾਬੀ ਸੱਭਿਆਚਾਰ, ਖੇਤੀਬਾੜੀ ਤੇ ਨਵੀਂ ਫਸਲ ਦੀ ਆਸ ਨਾਲ ਜੁੜੀ ਇੱਕ ਮਹੱਤਵਪੂਰਨ ਪਰੰਪਰਾ ਹੈ, ਜੋ ਰੱਬ ਦੇ ਸ਼ੁਕਰਾਨੇ ਦਾ ਪ੍ਰਤੀਕ ਮੰਨੀ ਜਾਂਦੀ ਹੈ। ਕੁੱਲ ਮਿਲਾ ਕੇ ਜ਼ਿਲ੍ਹੇ ਭਰ ’ਚ ਲੋਹੜੀ ਦਾ ਤਿਉਹਾਰ ਪੂਰੀ ਧੂਮਧਾਮ, ਖੁਸ਼ੀਆਂ ਤੇ ਰਵਾਇਤੀ ਸ਼ਾਨ ਨਾਲ ਮਨਾਇਆ ਗਿਆ, ਜਿਸ ਨਾਲ ਲੋਕਾਂ ਵਿੱਚ ਆਪਸੀ ਪਿਆਰ, ਸਾਂਝ ਤੇ ਭਾਈਚਾਰਕ ਏਕਤਾ ਹੋਰ ਮਜ਼ਬੂਤ ਹੋਈ।