ਦੁਕਾਨ ’ਚੋਂ ਹਜ਼ਾਰਾਂ ਦਾ ਸਾਮਾਨ ਚੋਰੀ, ਘਰੋਂ ਚੋਰੀ ਕਰਨ ਵਾਲੀਆਂ ਨਾਮਜ਼ਦ
ਦੁਕਾਨ ’ਚੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ,
Publish Date: Tue, 13 Jan 2026 04:26 PM (IST)
Updated Date: Wed, 14 Jan 2026 04:01 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਣਪਛਾਤੇ ਚੋਰਾਂ ਨੇ ਜਿੱਥੇ ਬਾਲਿਆਂਵਾਲੀ ਸਥਿਤ ਇਕ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ, ਉੱਥੇ ਹੀ ਥਾਣਾ ਕੋਤਵਾਲੀ ਪੁਲਿਸ ਨੇ ਘਰ ਵਿੱਚੋਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਔਰਤਾਂ ਨੂੰ ਨਾਮਜਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਬਾਲਿਆਂਵਾਲੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸੰਦੀਪ ਸਿੰਘ ਵਾਸੀ ਪਿੰਡ ਢੱਡੇ ਨੇ ਦੱਸਿਆ ਕਿ ਉਹ ਕੰਪਿਊਟਰ ਤੇ ਮੋਬਾਈਲਾਂ ਦੀ ਦੁਕਾਨ ਕਰਦਾ ਹੈ। ਉਸਨੇ ਦੱਸਿਆ ਕਿ 27 ਤੇ 28 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਦੁਕਾਨ ਵਿੱਚੋਂ ਇਕ ਐੱਲਈਡੀ ਮਾਨੀਟਰ, ਦੋ ਸੀਪੀਯੂ ਸਮੇਤ ਕੀ-ਬੋਰਡ, ਇਕ ਪ੍ਰਿੰਟਰ, ਇਨਵਰਟਰ ਬੈਟਰੀ, ਮੋਬਾਈਲ ਫੋਨ, ਇਕ ਵੈਬ ਕੈਮਰਾ ਅਤੇ ਮੋਬਾਇਲ ਅਸੈਸਰੀ ਤੋਂ ਇਲਾਵਾ 1500 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਕਰੀਬ 45000 ਬਣਦੀ ਹੈ। ਇਸ ਤਰ੍ਹਾਂ ਹੀ ਥਾਣਾ ਕੋਤਵਾਲੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦਮਨਦੀਪ ਕੁਮਾਰ ਵਾਸੀ ਪ੍ਰਤਾਪ ਨਗਰ ਨੇ ਦੱਸਿਆ ਕਿ ਉਹ ਡਾਕਟਰ ਪੂਜਾ ਗੁਪਤਾ ਵਾਸੀ ਗਣਪਤੀ ਇਨਕਲੇਵ ਬਠਿੰਡਾ ਕੋਲ ਬਤੌਰ ਮੈਨੇਜਰ ਨੌਕਰੀ ਕਰਦਾ ਹੈ। ਉਸਨੇ ਦੱਸਿਆ ਕਿ 8 ਤੇ 9 ਜਨਵਰੀ ਦੇ ਦਰਮਿਆਨੀ ਰਾਤ ਨੂੰ ਆਰਤੀ, ਸੀਮਾ ਅਤੇ ਸੀਤੋ ਵਾਸੀਆਨ ਬੰਗੀ ਨਗਰ ਬਠਿੰਡਾ ਆਪਣੇ ਹੋਰ ਸਾਥੀਆਂ ਸਮੇਤ ਡਾਕਟਰ ਪੂਜਾ ਗੁਪਤਾ ਦੀ ਖਾਲੀ ਪਈ ਬਿਲਡਿੰਗ ਮਾਲ ਰੋਡ ਬਠਿੰਡਾ ਪੁੱਜੇ ਅਤੇ ਪਿਛਲਾ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਗਏ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਮੁਲਜਮ ਲੋਹੇ ਦਾ ਸਮਾਨ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਲੱਗੇ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਰੌਲਾ ਪਾਇਆ ਤੇ ਉਕਤ ਔਰਤਾਂ ਮੌਕੇ ਤੋਂ ਫਰਾਰ ਹੋ ਗਈਆਂ। ਥਾਣਾ ਕੋਤਵਾਲੀ ਦੀ ਪੁਲਿਸ ਨੇ ਉਕਤ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।