ਅੱਗ ਲੱਗਣ ਕਾਰਨ ਸੈਂਟਰਲ ਬੈਂਕ ਆਫ ਇੰਡੀਆ ’ਚ ਲੱਖਾਂ ਦਾ ਸਾਮਾਨ ਸੜਿਆ
ਅੱਗ ਲੱਗਣ ਕਾਰਨ ਸੈਂਟਰਲ ਬੈਂਕ ਆਫ ਇੰਡੀਆ ’
Publish Date: Mon, 12 Jan 2026 08:10 PM (IST)
Updated Date: Tue, 13 Jan 2026 04:12 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਮੌੜ ਮੰਡੀ ਦੀ ਸੈਂਟਰਲ ਬੈਂਕ ਆਫ ਇੰਡੀਆ ਦੀ ਬਰਾਂਚ ਵਿਚ ਸੋਮਵਾਰ ਸਵੇਰੇ ਲਗਭਗ 8 ਵਜੇ ਅੱਗ ਲੱਗ ਗਈ, ਜਿਸ ਕਾਰਨ ਬੈਂਕ ਅੰਦਰ ਪਿਆ ਫਰਨੀਚਰ ਅਤੇ ਕੁਝ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੀ ਸੂਚਨਾ ਉਸ ਵੇਲੇ ਮਿਲੀ ਜਦੋਂ ਨੇੜਲੇ ਘਰਾਂ ਦੇ ਵਸਨੀਕਾਂ ਨੇ ਬੈਂਕ ਵਿੱਚੋਂ ਧੂੰਆ ਨਿਕਲਦਾ ਵੇਖਿਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਬੈਂਕ ਮੁਲਾਜ਼ਮਾਂ ਦੇ ਨਾਲ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਮੌਜੂਦ ਸਮਾਜ ਸੇਵੀ ਡਾ. ਵਿਪਨ ਚੰਦਰ ਨੇ ਦੱਸਿਆ ਕਿ ਜਦੋਂ ਉਹ ਪਹੁੰਚੇ, ਉਸ ਸਮੇਂ ਤੱਕ ਅੱਗ ਫੈਲ ਚੁੱਕੀ ਸੀ। ਅੱਗ ਕਾਰਨ ਬੈਂਕ ਵਿੱਚ ਰੱਖੇ ਕੰਪਿਊਟਰ, ਬਿਜਲੀ ਦੇ ਉਪਕਰਨ, ਕੁਰਸੀਆਂ, ਮੇਜ਼ ਅਤੇ ਕੁਝ ਦਸਤਾਵੇਜ਼ ਨੁਕਸਾਨੇ ਗਏ। ਸ਼ੁਰੂਆਤੀ ਤੌਰ ’ਤੇ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੌੜ ਮੰਡੀ ਦੀ ਫਾਇਰ ਬ੍ਰਿਗੇਡ ਖਰਾਬ ਹੋਣ ਕਾਰਨ ਮੌਕੇ ’ਤੇ ਨਹੀਂ ਪਹੁੰਚ ਸਕੀ, ਜਿਸ ਕਾਰਨ ਲੋਕਾਂ ਨੇ ਆਪਣੇ ਤੌਰ ’ਤੇ ਪਾਣੀ ਦੀਆਂ ਪਾਈਪਾਂ ਅਤੇ ਬਾਲਟੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਬੈਂਕ ਮੈਨੇਜਰ ਅਸ਼ੋਕ ਕੁਮਾਰ ਵੱਲੋਂ ਥਾਣਾ ਮੌੜ ਵਿੱਚ ਅੱਗ ਲੱਗਣ ਦੇ ਕਾਰਨਾਂ ਬਾਰੇ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ, ਪਰ ਉਹ ਮੀਡੀਆ ਨਾਲ ਗੱਲਬਾਤ ਕਰਨ ਤੋਂ ਕਤਰਾਉਂਦੇ ਰਹੇ। ਬਾਅਦ ਵਿਚ ਜਦੋਂ ਬੈਂਕ ਦੀ ਟੀਮ ਨਗਰ ਕੌਂਸਲ ਮੌੜ ਦੇ ਦਫ਼ਤਰ ਪਹੁੰਚੀ, ਤਾਂ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੀ ਲੱਗਦਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਫਰਨੀਚਰ ਅਤੇ ਹੋਰ ਸਾਜੋ-ਸਾਮਾਨ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਜਦਕਿ ਬੈਂਕ ਦਾ ਬਾਕੀ ਰਿਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਉੱਧਰ, ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਪਰ ਫਾਇਰ ਬ੍ਰਿਗੇਡ ਲੰਬੇ ਸਮੇਂ ਤੋਂ ਖਰਾਬ ਪਈ ਹੈ। ਉਨ੍ਹਾਂ ਕਿਹਾ ਕਿ 2022 ਤੋਂ ਫਾਇਰ ਬ੍ਰਿਗੇਡ ਠੀਕ ਕਰਵਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ 15 ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਵੀ ਨਹੀਂ ਮਿਲੀ। ਇਸ ਘਟਨਾ ਤੋਂ ਬਾਅਦ ਮੌੜ ਮੰਡੀ ਦੇ ਨਿਵਾਸੀਆਂ ਵਿਚ ਰੋਸ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਫਾਇਰ ਬ੍ਰਿਗੇਡ ਨੂੰ ਤੁਰੰਤ ਠੀਕ ਕਰਵਾ ਕੇ ਹਮੇਸ਼ਾ ਤਿਆਰ ਹਾਲਤ ਵਿੱਚ ਰੱਖਿਆ ਜਾਵੇ ਤਾਂ ਜੋ ਭਵਿੱਖ ਵਿੱਚ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।