ਗੁਰੂ ਕਾਸ਼ੀ ’ਵਰਸਿਟੀ ਨੇ ਮਨਾਇਆ ਰਾਸ਼ਟਰੀ ਯੁਵਾ ਦਿਹਾੜਾ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਯੁਵਾ ਦਿਹਾੜਾ
Publish Date: Mon, 12 Jan 2026 06:12 PM (IST)
Updated Date: Tue, 13 Jan 2026 04:09 AM (IST)
ਖੁਸ਼ਦੀਪ ਸਿੰਘ ਗਿੱਲ , ਪੰਜਾਬੀ ਜਾਗਰਣ, ਤਲਵੰਡੀ ਸਾਬੋ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਐਨਐਸਐਸ ਯੂਨਿਟ ਵੱਲੋਂ ਇੰਸਟੀਚਿਉਟ ਇਨੋਵੇਸ਼ਨ ਕੋਂਸਲ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਹਾੜਾ ਜਾਗਰੂਕਤਾ ਰੈਲੀ ਕੱਢ ਕੇ ਮਨਾਇਆ ਗਿਆ। ਜਾਗਰੂਕਤਾ ਰੈਲੀ ਨੂੰ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਤੇ ਐਨਐਸਐਸ ਕੁਆਰਡੀਨੇਟਰ ਨਰਿੰਦਰ ਕੌਰ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਲੰਟੀਅਰਾਂ ਵੱਲੋਂ ਆਪਣੀ ਪ੍ਰਤਿਭਾ ਨੂੰ ਰਾਸ਼ਟਰ ਨਿਰਮਾਣ ਵਿਚ ਲਗਾਉਣ ਦਾ ਪ੍ਰਣ ਲਿਆ ਗਿਆ। ਡੀਨ ਡਾ. ਰਵੀ ਗਹਿਲਾਵਤ ਨੇ ਦੱਸਿਆ ਕਿ ਯੁਵਾ ਸ਼ਕਤੀ ਰਾਸ਼ਟਰ ਦਾ ਭਵਿੱਖ ਹੁੰਦੀ ਹੈ। ਇਸ ਲਈ ਭਾਰਤ ਦੇ ਵਿਕਾਸ ਅਤੇ ਇਸ ਨੂੰ ਬੁਲੰਦੀ ਦੀਆਂ ਸਿਖਰਾਂ ’ਤੇ ਪਹੁੰਚਾਉਣ ਲਈ ਨੌਜਵਾਨ ਵਰਗ ਦਾ ਯੋਗਦਾਨ ਜ਼ਰੂਰੀ ਹੈ। ਉਨ੍ਹਾਂ ਐੱਨਐੱਸਐੱਸ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਕੋਲ ਨਵੀਂ ਸੋਚ ਅਤੇ ਅਥਾਹ ਸ਼ਕਤੀ ਹੈ ਜਿਸ ਸਦਕਾ ਉਹ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਸੋਚ ਨੂੰ ਸਕਾਰਾਤਮਕ ਰੱਖ ਕੇ ਮਿਹਨਤ ਨਾਲ ਦੇਸ਼ ਦੇ ਹਿੱਤ ਲਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ।