ਨਾਵਲਕਾਰ ਦੇ ਜਨਮ ਦਿਨ ’ਤੇ ਦੋ ਪੁਸਤਕਾਂ ਲੋਕ ਅਰਪਣ
ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਦੋ ਪੁਸਤਕਾਂ ਲੋਕ ਅਰਪਣ
Publish Date: Mon, 12 Jan 2026 06:11 PM (IST)
Updated Date: Tue, 13 Jan 2026 04:09 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਉਘੇ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਇਕ ਭਰਵਾਂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦੋ ਨਵੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ, ਨਾਵਲਕਾਰ ਜਸਵਿੰਦਰ ਜਸ, ਟੀਚਰਜ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ ਅਤੇ ਰਣਜੀਤ ਗੌਰਵ ਸ਼ਾਮਲ ਸਨ।
ਇਸ ਮੌਕੇ ਬਲਵਿੰਦਰ ਸਿੰਘ ਭੁੱਲਰ ਦੀ ਅੱਠਵੀਂ ਵਾਰਤਕ ਪੁਸਤਕ ‘ਸਿਦਕ ਹਾਰਦਾ ਨਹੀਂ’ ਅਤੇ ਜਸਪਾਲ ਮਾਨਖੇੜਾ ਦਾ ਕਾਵਿ ਸੰਗ੍ਰਹਿ ‘ਸਫ਼ਰਾਂ ਤੇ ਹਾਂ, ਸੈਰਾਂ ਤੇ ਨਹੀਂ’ ਲੋਕ ਅਰਪਣ ਕੀਤਾ ਗਿਆ। ਭੁੱਲਰ ਦੀ ਪੁਸਤਕ ਵਿਚ ਦੁਨੀਆ ਭਰ ਵਿਚ ਤਸ਼ੱਦਦ ਸਹਿਣ ਵਾਲੀਆਂ ਅਤੇ ਕੁਰਬਾਨੀਆਂ ਦੇਣ ਵਾਲੀਆਂ 23 ਔਰਤਾਂ ਨਾਲ ਨਾਲ ਮੌਜੂਦਾ ਸਮੇਂ ਦੀਆਂ ਅੱਠ ਪ੍ਰੇਰਕ ਔਰਤਾਂ ਬਾਰੇ ਲੇਖ ਸ਼ਾਮਲ ਹਨ ਜਦਕਿ ਮਾਨਖੇੜਾ ਦੇ ਕਾਵਿ ਸੰਗ੍ਰਹਿ ਵਿਚ ਸਮਾਜਿਕ ਕਦਰਾਂ-ਕੀਮਤਾਂ ਅਤੇ ਲੋਕ ਹਿੱਤਾਂ ਨਾਲ ਜੁੜੀਆਂ ਕਵਿਤਾਵਾਂ, ਗੀਤ, ਨਜ਼ਮਾਂ ਅਤੇ ਗ਼ਜ਼ਲਾਂ ਸੰਜੋਈਆਂ ਗਈਆਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਦੋਵੇਂ ਪੁਸਤਕਾਂ ਸਮਕਾਲੀ ਸਮਾਜ ਲਈ ਜਾਣਕਾਰੀ ਭਰਪੂਰ ਅਤੇ ਬਹੁਮੁੱਲੇ ਸਾਹਿਤਕ ਦਸਤਾਵੇਜ਼ ਹਨ, ਜੋ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ।