ਸੀਐੱਮ ਦੀ ਸੁਰੱਖਿਆ ’ਚ ਰੱਝੀ ਪੁਲਿਸ, ਦੋ ਦਿਨਾਂ ’ਚ ਚਾਰ ਕੇਸ ਦਰਜ
ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਰੱਝੀ , ਦੋ ਦਿਨਾਂ ਵਿਚ ਸਿਰਫ਼ ਚਾਰ ਕੇਸ ਹੀ ਹੋਏ ਦਰਜ
Publish Date: Mon, 12 Jan 2026 05:32 PM (IST)
Updated Date: Tue, 13 Jan 2026 04:12 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਨੂੰ ਲੈ ਕੇ ਜ਼ਿਲ੍ਹੇ ਦੀ ਪੁਲਿਸ ਪੂਰੇ ਦਿਨ ਸੁਰੱਖਿਆ ਪ੍ਰਬੰਧਾਂ ਵਿਚ ਲੱਗੀ ਰਹੀ। ਇਸ ਕਾਰਨ ਪੁਲਿਸ ਦਾ ਵੱਡਾ ਹਿੱਸਾ ਮੁੱਖ ਮੰਤਰੀ ਦੀ ਸੁਰੱਖਿਆ, ਰੂਟ ਕਲੀਅਰੈਂਸ ਤੇ ਪ੍ਰੋਗਰਾਮ ਸਥਲਾਂ ’ਤੇ ਤਾਇਨਾਤ ਰਿਹਾ। ਪੁਲਿਸ ਦੀ ਇਸ ਵਿਵਸਥਾ ਦੇ ਬਾਵਜੂਦ ਜ਼ਿਲ੍ਹੇ ਦੀ ਕਾਨੂੰਨ-ਵਿਵਸਥਾ ਸਥਿਤੀ ਸੰਤੋਸ਼ਜਨਕ ਰਹੀ। ਪੁਲਿਸ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ 10 ਅਤੇ 11 ਜਨਵਰੀ ਨੂੰ ਪੂਰੇ ਜ਼ਿਲ੍ਹੇ ਵਿਚ ਸਿਰਫ਼ ਚਾਰ ਹੀ ਕੇਸ ਦਰਜ ਕੀਤੇ ਗਏ। ਇਹ ਅੰਕੜਾ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੀ ਮੌਜੂਦਗੀ ਅਤੇ ਚੌਕਸੀ ਕਾਰਨ ਅਪਰਾਧਕ ਗਤੀਵਿਧੀਆਂ ’ਤੇ ਕਾਬੂ ਬਣਿਆ ਰਿਹਾ। ਜ਼ਿਲ੍ਹੇ ਅੰਦਰ 10 ਜਨਵਰੀ ਨੂੰ ਇਕ ਨਸ਼ਾ ਤਸਕਰੀ ਤੇ ਇਕ ਕੇਸ 6 ਮਾਰਚ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦਰਜ ਕੀਤਾ ਗਿਆ ਜਦੋਂ ਕਿ 11 ਜਨਵਰੀ ਨੂੰ ਵੀ ਇਕ ਨਸ਼ਾ ਤਸਕਰੀ ਤੇ ਇਕ ਪੁਰਾਣਾ ਲੜਾਈ ਝਗੜੇ ਦਾ ਕੇਸ ਦਰਜ ਕੀਤਾ ਗਿਆ। ਆਮ ਦਿਨਾਂ ’ਚ ਹਰ ਰੋਜ਼ ਕਰੀਬ ਇਕ ਦਰਜਨ ਕੇਸ ਦਰਜ ਹੁੰਦੇ ਹਨ ਪਰ ਮੁੱਖ ਮੰਤਰੀ ਦੇ ਬਠਿੰਡਾ ਦੋ ਦਿਨ ਦੌਰੇ ਕਾਰਨ ਪੁਲਿਸ ਸੁਰੱਖਿਆ ਵਿਚ ਲੱਗੀ ਰਹੀ ਤੇ ਸਿਰਫ਼ ਚਾਰ ਕੇਸ ਹੀ ਦਰਜ ਕੀਤੇ ਗਏ।