ਲਾਅ ਕਾਲਜ ਦੀ ਮਨਕੀਰਤ ਨੂੰ ਡੀਸੀ ਧੀਮਾਨ ਨੇ ਕੀਤਾ ਸਨਮਾਨਿਤ
ਬਠਿੰਡਾ ਲਾਅ ਕਾਲਜ ਦੀ ਵਿਦਿਆਰਥਣ ਮਨਕੀਰਤ ਕੌਮੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਉਪ-ਵਿਜੇਤਾ ਬਣੀ
Publish Date: Mon, 12 Jan 2026 05:20 PM (IST)
Updated Date: Tue, 13 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਕਾਲਜ ਆਫ਼ ਲਾਅ ਦੀ ਹੋਣਹਾਰ ਵਿਦਿਆਰਥਣ ਮਨਕੀਰਤ ਕੌਰ ਬਰਾੜ ਨੇ ਨੋਇਡਾ ’ਚ ਹੋਈ ਕੌਮੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਨਕੀਰਤ ਕੌਰ ਬਰਾੜ ਦੀ ਇਸ ਕਾਮਯਾਬੀ ‘ਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਆਪਣੇ ਦਫ਼ਤਰ ਵਿਚ ਵਿਸ਼ੇਸ਼ ਤੌਰ ’ਤੇ ਉਸ ਨੂੰ ਸਨਮਾਨਿਤ ਕੀਤਾ ਅਤੇ ਉਸਦੇ ਚੰਗੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਕਾਲਜ ਦੇ ਚੇਅਰਮੈਨ ਐਡਵੋਕੇਟ ਮੋਹਨਲਾਲ ਗਰਗ ਨੇ ਜਾਣਕਾਰੀ ਦਿੱਤੀ ਕਿ ਮਨਕੀਰਤ ਕੌਰ ਬਰਾੜ ਬਠਿੰਡਾ ਕਾਲਜ ਆਫ਼ ਲਾਅ ਵਿਚ ਬੀਏਐੱਲਐੱਲਬੀ ਦੇ ਪੰਜਵੇਂ ਸਮੈਸਟਰ ਦੀ ਵਿਦਿਆਰਥਣ ਹੈ। ਉਨ੍ਹਾਂ ਕਿਹਾ ਕਿ ਮਨਕੀਰਤ ਇਸ ਤੋਂ ਪਹਿਲਾਂ ਵੀ ਕਈ ਰਾਜ ਤੇ ਕੌਮੀ ਪੱਧਰ ਦੀਆਂ ਬਾਕਸਿੰਗ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਹੱਤਵਪੂਰਨ ਸਥਾਨ ਹਾਸਲ ਕਰ ਚੁੱਕੀ ਹੈ। ਐਡਵੋਕੇਟ ਮੋਹਨ ਲਾਲ ਗਰਗ ਨੇ ਕਿਹਾ ਕਿ ਕਾਲਜ ਨੂੰ ਆਪਣੀ ਇਸ ਹੋਣਹਾਰ ਵਿਦਿਆਰਥਣ ’ਤੇ ਬਹੁਤ ਮਾਣ ਹੈ ਅਤੇ ਭਵਿੱਖ ਵਿਚ ਉਸ ਤੋਂ ਹੋਰ ਵੀ ਵੱਡੀਆਂ ਉਪਲੱਬਧੀਆਂ ਦੀ ਆਸ ਹੈ। ਉਨ੍ਹਾਂ ਮਨਕੀਰਤ ਨੂੰ ਇਸ ਸਫਲਤਾ ਲਈ ਵਧਾਈ ਦਿੰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉੱਥੇ ਹੀ ਕਾਲਜ ਦੀ ਪ੍ਰਿੰਸੀਪਲ ਸਵਿਤਾ ਨੇ ਵੀ ਮਨਕੀਰਤ ਕੌਰ ਬਰਾੜ ’ਤੇ ਮਾਣ ਜਤਾਉਂਦਿਆਂ ਕਿਹਾ ਕਿ ਖੇਡਾਂ ਵਿਚ ਅਜਿਹੀਆਂ ਉਪਲੱਬਧੀਆਂ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਵਿਦਿਆਰਥਣ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ।