‘ਆਪ’ ਦੇ ਆਗੂਆਂ ਨੇ ਕੱਢਿਆ ਨਸ਼ਾ ਵਿਰੋਧੀ ਮਾਰਚ
ਆਪ ਆਗੂਆਂ ਨੇ ਨਸ਼ਾ ਵਿਰੋਧੀ ਮਾਰਚ ਕੱਢਿਆ
Publish Date: Mon, 12 Jan 2026 04:50 PM (IST)
Updated Date: Tue, 13 Jan 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਆਮ ਆਦਮੀ ਪਾਰਟੀ ਬਲਾਕ ਭਗਕਾ ਭਾਈਕਾ ਦੇ ਆਗੂਆਂ ਵੱਲੋਂ ਅੱਜ ਸਥਾਨਕ ਸ਼ਹਿਰ ਵਿਖੇ ਨਸ਼ਾ ਵਿਰੋਧੀ ਮਾਰਚ ਕੀਤਾ ਗਿਆ। ਇਸ ਮਾਰਚ ਦੀ ਸੁਰੂਆਤ ਨਗਰ ਪੰਚਾਇਤ ਦਫ਼ਤਰ ਭਗਤਾ ਭਾਈਕਾ ਤੋਂ ਆਪ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਬਿੰਦਰ ਖਾਨਦਾਨ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਆਪ ਆਗੂ ਆਗੂ ਸੁਖਵਿੰਦਰ ਸਿੰਘ ਖਾਨਦਾਨ ਨੇ ਪੰਜਾਬ ਸਰਕਾਰ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਅਹਿਮ ਯਤਨ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਪ ਸਰਕਾਰ ਨਸ਼ਿਆਂ ’ਤੇ ਕਾਬੂ ਪਾਉਣ ਲਈ ਸ਼ਲਾਘਾਯੋਗ ਭੂਮਿਕਾ ਨਿਭਾਅ ਰਹੀ ਹੈ। ਇਸ ਮੌਕੇ ‘ਆਪ’ ਦੇ ਆਗੂ ਜਗਸੀਰ ਸਿੰਘ ਪੰਨੂੰ, ਸੰਜੀਵ ਕੁਮਾਰ ਬੰਟੀ, ਸੁਰੇਸ਼ ਕੁਮਾਰ ਕਾਲਾ, ਸਰਪੰਚ ਕੁਲਵਿੰਦਰ ਸਿੰਘ ਸੁਰਜੀਤ ਨਗਰ, ਮਿੱਠੁਣ ਕੁਮਾਰ ਆਦਿ ਹਾਜ਼ਰ ਸਨ।
-ਬਾਕਸ-
-ਜਦੋਂ ‘ਆਪ’ ਦੇ ਆਗੂਆਂ ਨੇ ਸਵਾਲਾਂ ਦੀ ਝੜੀ ਲਾਈ
ਨਸ਼ਾ ਵਿਰੋਧੀ ਮਾਰਚ ਦੌਰਾਨ ਉਸ ਸਮੇਂ ਸਥਿਤੀ ਹਾਸੋਹੀਣੀ ਬਣ ਗਈ ਜਦੋਂ ਸਥਾਨਕ ਸ਼ਹਿਰ ਦੀ ਐਂਟੀ ਡਰੱਗਜ ਕਮੇਟੀ ਦੇ ਆਗੂ ਸੁਖਚੈਨ ਸਿੰਘ ਖਾਲਸਾ ਨੇ ਇਲਾਕੇ ਵਿਚ ਨਸ਼ਿਆਂ ਦੇ ਬੋਲਬਾਲੇ ਸਬੰਧੀ ‘ਆਪੀ’ ਦੇ ਆਗੂਆਂ ਨੂੰ ਸਵਾਲਾਂ ਦੀ ਝੜੀ ਲਾ ਦਿੱਤੀ। ਕਮੇਟੀ ਆਗੂ ਖਾਲਸਾ ਨੇ ਦੋਸ਼ ਲਾਇਆ ਕਿ ਕੁਝ ਆਪ ਆਗੂਆਂ ਦੀ ਕਥਿਤ ਮਿਲੀ ਭੁਗਤ ਨਾਲ ਨਸ਼ੇ ਵਿਕ ਰਹੇ ਹਨ ਤੇ ਸੂਬਾ ਸਰਕਾਰ ਨਸ਼ਿਆ ਦਾ ਧੰਦਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਸੁਖਚੈਨ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਆਪ’ ਸਿਰਫ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂਆਂ ’ਤੇ ਨਸ਼ੇ ਵੇਚਣ ਦੇ ਦੋਸ਼ ਲਾ ਕੇ ਸੱਤਾ ਵਿਚ ਆਏ ਆਪ ਆਗੂ ਸੂਬੇ ਦੇ ਲੋਕਾਂ ਨੂੰ ਦੱਸਣ ਕਿ ਹੁਣ ਨਸ਼ੇ ਕਿਸ ਦੇ ਵਿਕ ਰਹੇ ਹਨ। ਜਦਕਿ ਆਪ ਆਗੂਆਂ ਦਾ ਕਹਿਣਾ ਸੀ ਕਿ ਨਸ਼ੇ ਕਿੱਥੇ ਵਿਕਦੇ ਹਨ। ਪੁਲਿਸ ਨੂੰ ਜਾਣਕਾਰੀ ਦਿਉ, ਕਾਰਵਾਈ ਹੋਵੇਗੀ। ਇੱਥੇ ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਲੋਕ ‘ਆਪ’ ਦੇ ਆਗੂਆਂ ਨੂੰ ਆਪਮੁਹਾਰੇ ਸਵਾਲ ਕਰਨ ਲੱਗੇ ਹਨ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਭਵਿੱਖ ’ਚ ਹੋਰ ਤਿੱਖੇ ਸਵਾਲ ਹੋ ਸਕਦੇ ਹਨ।