ਸਰਪੰਚ ਕਿਰਨਾ ਕੌਰ ਤੇ ਡਾ. ਮਰਾੜ੍ਹ ਨੇ ਸੀਐੱਮ ਨਾਲ ਕੀਤੀ ਮੁਲਾਕਾਤ
ਸਰਪੰਚ ਕਿਰਨਾ ਕੌਰ ਤੇ ਡਾ. ਮਰਾੜ੍ਹ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
Publish Date: Mon, 12 Jan 2026 04:45 PM (IST)
Updated Date: Tue, 13 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੇ ਮੁਲਤਾਨੀਆਂ ਫਲਾਈਓਵਰ ਦੇ ਉਦਘਾਟਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪਿੰਡ ਫੂਸ ਮੰਡੀ ਦੀ ਸਰਪੰਚ ਕਿਰਨਾ ਕੌਰ ਮਰਾੜ੍ਹ ਅਤੇ ਉਨ੍ਹਾਂ ਦੇ ਪਤੀ ਸਮਾਜ-ਸੇਵੀ ਤੇ ਨੈਸ਼ਨਲ ਐਵਾਰਡੀ ਡਾ. ਜਗਸੀਰ ਸਿੰਘ ਮਰਾੜ੍ਹ ਨੇ ਮੁਲਾਕਾਤ ਕਰਕੇ ਪਿੰਡ ਦੇ ਵਿਕਾਸ ਨਾਲ ਸਬੰਧਤ ਅਹਿਮ ਮੰਗਾਂ ਰੱਖੀਆਂ। ਇਸ ਮੌਕੇ ਬਠਿੰਡਾ ਦੇ ਪਿੰਡ ਨਰੂਆਣਾ ਵਿਖੇ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੂੰ ਪਿੰਡ ਫੂਸ ਮੰਡੀ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਡਾ. ਜਗਸੀਰ ਸਿੰਘ ਮਰਾੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਤੋਂ ਪਹਿਲੀ ਮੰਗ ਪਿੰਡ ਦੇ ਮਿਡਲ ਸਕੂਲ ਨੂੰ ਦਸਵੀਂ ਤਕ ਅਪਗ੍ਰੇਡ ਕਰਨ ਦੀ ਰੱਖੀ। ਲਗਭਗ ਦਸ ਸਾਲ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਕੂਲ ਦੀ ਨੀਂਹ ਰੱਖੀ ਗਈ ਸੀ ਪਰ ਅਜੇ ਤਕ ਸਕੂਲ ਅਪਗਰੇਡ ਨਹੀਂ ਹੋ ਸਕਿਆ। ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਤੁਰੰਤ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਵੀ ਹਾਜ਼ਰ ਸਨ। ਪਿੰਡ ਲਈ ਸਾਫ਼ ਪੀਣਯੋਗ ਪਾਣੀ ਵਾਸਤੇ ਪੀਐੱਸਐੱਫ ਵਾਟਰ ਪਲਾਂਟ, ਪਿੰਡ ਤੇ ਢਾਣੀ ਵਿਚ ਇੰਟਰਲਾਕਿੰਗ ਗਲੀਆਂ, ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ, 1980 ਵਿਚ ਬਣੇ ਨਹਿਰੀ ਪਾਣੀ ਦੇ ਕੱਚੇ ਖਾਲਿਆਂ ਨੂੰ ਪੱਕਾ ਕਰਨ, ਮੀਂਹ ਕਾਰਨ ਡਿੱਗੇ ਗਰੀਬ ਪਰਿਵਾਰਾਂ ਦੇ ਘਰਾਂ ਲਈ ਸਹਾਇਤਾ ਰਾਸ਼ੀ, ਪਿੰਡ ਡਿਸਪੈਂਸਰੀ ਅਤੇ ਪਸ਼ੂ ਹਸਪਤਾਲ ਲਈ ਕਲੋਨੀਆਂ, ਧਰਮਸ਼ਾਲਾ, ਆਂਗਨਵਾੜੀ ਸੈਂਟਰਾਂ, ਬੰਦ ਹੋਏ ਰਾਸ਼ਨ ਕਾਰਡਾਂ ਨੂੰ ਮੁੜ ਚਾਲੂ ਕਰਨ ਅਤੇ ਨੌਜਵਾਨਾਂ ਲਈ ਵਾਲੀਬਾਲ ਗਰਾਊਂਡ ਤੇ ਖੇਡ ਕਿੱਟਾਂ ਦੀ ਮੰਗ ਵੀ ਰੱਖੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਮਰਾੜ੍ਹ ਨੂੰ ਭਰੋਸਾ ਦਿੱਤਾ ਕਿ ਪਿੰਡ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ।