‘ਆਪ’ ਟੀਮ ਨੇ ਚੋਰੀ ਹੋਇਆ ਟਰੈਕਟਰ 24 ਘੰਟਿਆਂ ’ਚ ਲੱਭ ਕੇ ਕੀਤਾ ਕਿਸਾਨ ਹਵਾਲੇ
ਆਪ ਟੀਮ ਨੇ 24 ਘੰਟਿਆਂ ’ਚ ਲੱਭ ਕੇ ਚੋਰੀ ਹੋਇਆ ਟਰੈਕਟਰ ਕਿਸਾਨ ਨੂੰ ਸੌਂਪਿਆ
Publish Date: Mon, 12 Jan 2026 04:38 PM (IST)
Updated Date: Tue, 13 Jan 2026 04:07 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪਿੰਡ ਆਦਮਪੁਰਾ ਦੇ ਕਿਸਾਨ ਜਗਤਾਰ ਸਿੰਘ ਦਾ ਚੋਰੀ ਹੋਇਆ ਟਰੈਕਟਰ 24 ਘੰਟਿਆਂ ਦੇ ਅੰਦਰ ਲੱਭ ਕੇ ਮੁੜ ਕਿਸਾਨ ਦੇ ਹਵਾਲੇ ਕਰ ਦਿੱਤਾ ਗਿਆ। ਇਹ ਟਰੈਕਟਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਦੀ ਅਗਵਾਈ ਹੇਠ ਕਿਸਾਨ ਨੂੰ ਸੌਂਪਿਆ ਗਿਆ। ਜਾਣਕਾਰੀ ਮੁਤਾਬਕ ਕਿਸਾਨ ਜਗਤਾਰ ਸਿੰਘ ਦਾ ਟਰੈਕਟਰ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ‘ਆਪ’ ਦੀ ਜ਼ਿਲ੍ਹਾ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕਰਦਿਆਂ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾਇਆ ਅਤੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਟਰੈਕਟਰ ਨੂੰ ਲੱਭ ਲਿਆ। ਟਰੈਕਟਰ ਵਾਪਸ ਮਿਲਣ ’ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਤੇ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਦੀ ਕਮਾਈ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਮਾਮਲਿਆਂ ’ਚ ਪਾਰਟੀ ਹਰ ਸੰਭਵ ਮਦਦ ਕਰੇਗੀ। ਕਿਸਾਨ ਜਗਤਾਰ ਸਿੰਘ ਨੇ ਟਰੈਕਟਰ ਮਿਲਣ ’ਤੇ ਖੁਸ਼ੀ ਜਤਾਉਂਦੇ ਹੋਏ ‘ਆਪ’ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਪਿੰਡ ਦੇ ਸਰਪੰਚ ਸੁਖਮੰਦਰ ਸਿੰਘ, ਬਲਾਕ ਸੰਮਤੀ ਮੈਂਬਰ ਨਵਤੇਜ ਸਿੰਘ, ਆਪ ਆਗੂ ਜੱਗੀ ਸਿੰਘ, ਭਗਵੰਤ ਸਿੰਘ ਅਤੇ ਹੋਰ ਨਗਰ ਵਾਸੀਆਂ ਨੇ ਵੀ ‘ਆਪ’ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਤੁਰੰਤ ਤੇ ਸੰਵੇਦਨਸ਼ੀਲ ਕਾਰਵਾਈ ਨਾਲ ਲੋਕਾਂ ਦਾ ਭਰੋਸਾ ਪ੍ਰਸ਼ਾਸਨ ਤੇ ਲੋਕ ਪ੍ਰਤੀਨਿਧੀਆਂ ’ਤੇ ਹੋਰ ਮਜ਼ਬੂਤ ਹੁੰਦਾ ਹੈ। ਨਗਰ ਵਾਸੀਆਂ ਨੇ ਆਸ ਜਤਾਈ ਕਿ ਭਵਿੱਖ ’ਚ ਵੀ ‘ਆਪ’ ਇਸੇ ਤਰ੍ਹਾਂ ਲੋਕਾਂ ਦੇ ਦੁੱਖ-ਸੁੱਖ ’ਚ ਸਾਥ ਨਿਭਾਉਂਦੀ ਰਹੇਗੀ ਤੇ ਸਮਾਜਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ।