ਵਿਸ਼ਵ ਹਿੰਦੀ ਦਿਵਸ ’ਤੇ ਪ੍ਰੋ. ਨਵਸੰਗੀਤ ਸਿੰਘ ਸਨਮਾਨਤ
ਵਿਸ਼ਵ ਹਿੰਦੀ ਦਿਵਸ ਮੌਕੇ ਪ੍ਰੋ. ਨਵ ਸੰਗੀਤ ਸਿੰਘ ਸਨਮਾਨਤ
Publish Date: Mon, 12 Jan 2026 04:20 PM (IST)
Updated Date: Tue, 13 Jan 2026 04:01 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਵਿਸ਼ਵ ਹਿੰਦੀ ਦਿਵਸ ਦੇ ਮੌਕੇ ‘ਅਨਿਲ ਅਭਿਵਿਅਕਤੀ’ ਧਾਮਪੁਰ (ਜ਼ਿਲ੍ਹਾ ਬਿਜਨੌਰ, ਉੱਤਰ ਪ੍ਰਦੇਸ਼) ਵੱਲੋਂ ਪ੍ਰੋ. ਨਵਸੰਗੀਤ ਸਿੰਘ ਨੂੰ ਹਿੰਦੀ ਭਾਸ਼ਾ ਦੇ ਖੇਤਰ ਵਿਚ ਕੀਤੀਆਂ ਮਹੱਤਵਪੂਰਨ ਸੇਵਾਵਾਂ ਲਈ ਹਿੰਦੀ ਰਤਨ ਸਨਮਾਨ ਨਾਲ ਨਿਵਾਜਿਆ ਗਿਆ ਹੈ। ‘ਅਨਿਲ ਅਭਿਵਿਅਕਤੀ’ ਦੇ ਮੁਖੀ ਡਾ. ਅਨਿਲ ਸ਼ਰਮਾ ‘ਅਨਿਲ’ ਵੱਲੋਂ ਜਾਰੀ ਕੀਤੇ ਸਨਮਾਨ ਪੱਤਰ ’ਚ ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਹਿੰਦੀ ਭਾਸ਼ਾ ਦੇ ਪ੍ਰਚਾਰ ਤੇ ਵਿਕਾਸ ਲਈ ਕੀਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਪ੍ਰੋ. ਸਿੰਘ ਨੇ ਹਿੰਦੀ ਤੋਂ ਪੰਜਾਬੀ ਵਿਚ 16 ਕਿਤਾਬਾਂ ਦਾ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕੀਤਾ ਹੈ, ਜਦਕਿ ਹਿੰਦੀ ਦੀਆਂ 10 ਕਿਤਾਬਾਂ ਦੇ ਸਮੀਖਿਆਤਮਕ ਰੀਵਿਊ ਵੀ ਲਿਖੇ ਹਨ। ਉਨ੍ਹਾਂ ਨੇ ਲਗਭਗ ਇਕ ਦਰਜਨ ਪੰਜਾਬੀ ਕਹਾਣੀਆਂ ਦਾ ਹਿੰਦੀ ਵਿੱਚ ਅਨੁਵਾਦ ਕਰਕੇ ਵੱਖ-ਵੱਖ ਸਾਹਿਤਕ ਪੱਤਰ-ਪੱਤ੍ਰਿਕਾਵਾਂ ’ਚ ਪ੍ਰਕਾਸ਼ਿਤ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਨਵ ਸੰਗੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਮਦਮਾ ਸਾਹਿਬ ਕੈਂਪਸ, ਤਲਵੰਡੀ ਸਾਬੋ (ਬਠਿੰਡਾ) ਵਿਚ ਕਰੀਬ 25 ਸਾਲ ਅਧਿਆਪਨ ਸੇਵਾ ਨਿਭਾਈ ਤੇ ਉੱਥੋਂ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ। ਇਸ ਦੌਰਾਨ ਉਨ੍ਹਾਂ ਨੇ ਯੂਥ ਕੋਆਰਡੀਨੇਟਰ, ਪ੍ਰੋਗਰਾਮ ਅਫ਼ਸਰ ਤੇ ’ਵਰਸਿਟੀ ਦੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਵੀ ਤਨਦੇਹੀ ਨਾਲ ਨਿਭਾਈਆਂ। ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਯੂਨੀਵਰਸਿਟੀ ਦੇ ਤੱਤਕਾਲੀ ਰਜਿਸਟਰਾਰ ਪ੍ਰੋਫ਼ੈਸਰ ਸਰਾਓ ਵੱਲੋਂ ਵੀ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਸਨਮਾਨ ਮਿਲਦਾ ਰਿਹਾ ਹੈ। ਇਸ ਤਾਜ਼ਾ ਸਨਮਾਨ ਤੋਂ ਬਾਅਦ ਪ੍ਰੋ. ਨਵ ਸੰਗੀਤ ਸਿੰਘ ਦੇ ਸਹਿਯੋਗੀਆਂ, ਵਿਦਿਆਰਥੀਆਂ ਅਤੇ ਚੇਹਤਿਆਂ ਵੱਲੋਂ ਉਨ੍ਹਾਂ ਨੂੰ ਵਧਾਈ ਸੁਨੇਹਾ ਲਗਾਤਾਰ ਪ੍ਰਾਪਤ ਹੋ ਰਹੇ ਹਨ।