ਜਤਿੰਦਰ ਗੋਗੀ ਕਲਿਆਣ ਜ਼ਿਲ੍ਹਾ ਜਰਨਲ ਸਕੱਤਰ ਬਣੇ
ਜਤਿੰਦਰ ਗੋਗੀ ਕਲਿਆਣ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ
Publish Date: Mon, 12 Jan 2026 04:17 PM (IST)
Updated Date: Tue, 13 Jan 2026 04:01 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਭਾਰਤੀ ਜਨਤਾ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਦਿਆਂ ਪਿੰਡ ਪੰਜ ਕਲਿਆਣ ਦੇ ਜਤਿੰਦਰ ਗੋਗੀ ਕਲਿਆਣ ਨੂੰ ਜ਼ਿਲ੍ਹਾ ਜਰਨਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਜਪਾ ਨੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਆਪਣਾ ਆਧਾਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਤਿੰਦਰ ਗੋਗੀ ਕਲਿਆਣ ਇਕ ਤਜ਼ਰਬੇਕਾਰ, ਮਿਹਨਤੀ ਅਤੇ ਪਾਰਟੀ ਪ੍ਰਤੀ ਸਮਰਪਿਤ ਆਗੂ ਹਨ, ਜਿਨ੍ਹਾਂ ਦੀ ਭੁੱਚੋ ਮੰਡੀ, ਬਠਿੰਡਾ ਸ਼ਹਿਰੀ ਤੇ ਬਠਿੰਡਾ ਦਿਹਾਤੀ ਖੇਤਰਾਂ ’ਚ ਚੰਗੀ ਪਛਾਣ ਤੇ ਪ੍ਰਭਾਵਸ਼ਾਲੀ ਪਕੜ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿਚ ਰੱਖਦਿਆਂ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਭੁੱਚੋ ਤੋਂ ਭਾਜਪਾ ਲਈ ਦਿਨ-ਰਾਤ ਮਿਹਨਤ ਕਰਦੇ ਹੋਏ ਲਗਭਗ 12,000 ਵੋਟਾਂ ਹਾਸਲ ਕਰਨ ਵਿਚ ਪਾਰਟੀ ਕਾਮਯਾਬ ਰਹੀ। ਇਸ ਤੋਂ ਬਾਅਦ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਭਾਜਪਾ ਨੇ ਹਲਕੇ ਵਿੱਚ ਮਜ਼ਬੂਤ ਆਧਾਰ ਬਣਾਇਆ ਹੈ। ਇਸ ਨਿਯੁਕਤੀ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਰਾਸ਼ਟਰੀ ਜਰਨਲ ਸਕੱਤਰ ਤਰੁਣ ਚੁੱਘ, ਸੂਬਾ ਸੰਗਠਨ ਮਹਾਂਮੰਤਰੀ ਨਿਵਾਸਨੂੰ, ਜਰਨਲ ਸਕੱਤਰ ਦਿਆਲ ਸੋਢੀ, ਬੀਬਾ ਪਰਮਪਾਲ ਕੌਰ, ਅਨੀਸ਼ ਸਿਡਾਨਾ, ਸ਼ਾਮ ਲਾਲ ਬਾਂਸਲ, ਡਾ. ਮੋਹਨ ਲਾਲ ਗਰਗ ਸਮੇਤ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਤੇ ਬਠਿੰਡਾ ਸ਼ਹਿਰੀ ਤੇ ਦਿਹਾਤੀ ਇਕਾਈਆਂ ਦੇ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ ਤੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਧੰਨਵਾਦ ਕੀਤਾ। ਪਾਰਟੀ ਆਗੂਆਂ ਨੇ ਉਮੀਦ ਜਤਾਈ ਕਿ ਜਤਿੰਦਰ ਗੋਗੀ ਕਲਿਆਣ ਦੀ ਅਗਵਾਈ ਹੇਠ ਭਾਜਪਾ ਹਲਕਾ ਭੁੱਚੋ ਮੰਡੀ ’ਚ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ।