ਮਨਰੇਗਾ ਬਚਾਓ ਮੁਹਿੰਮ ਬਾਰੇ ਸ਼ੁਭਮ ਸੈਣੀ ਦੀ ਡਾਲਵੀ ਨਾਲ ਮੁਲਾਕਾਤ
ਮਨਰੇਗਾ ਬਚਾਓ ਮੁਹਿੰਮ ਨੂੰ ਤਾਕਤ: ਸ਼ੁਭਮ ਸੈਨੀ ਦੀ ਡਾਲਵੀ ਨਾਲ ਮੁਲਾਕਾਤ
Publish Date: Sun, 11 Jan 2026 05:52 PM (IST)
Updated Date: Mon, 12 Jan 2026 04:10 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ,
ਤਲਵੰਡੀ ਸਾਬੋਂ : ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਸ਼ੁਭਮ ਸੈਨੀ ਨੇ ਏਆਈਸੀਸੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਿਯੁਕਤ ਸਹਿ ਇੰਚਾਰਜ ਰਵਿੰਦਰ ਉੱਤਮ ਰਾਓ ਡਾਲਵੀ ਨਾਲ ਬਠਿੰਡਾ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਵਿਚ ਮਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ, ਰੁਜ਼ਗਾਰ ਦੀ ਘਾਟ ਤੇ ਮਜ਼ਦੂਰੀ ਭੁਗਤਾਨ ’ਚ ਹੋ ਰਹੀ ਦੇਰੀ ਵਰਗੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਸ਼ੁਭਮ ਸੈਨੀ ਨੇ ਤਲਵੰਡੀ ਸਾਬੋ ਹਲਕੇ ਵਿੱਚ ਮਨਰੇਗਾ ਦੇ ਅਧੀਨ ਕੰਮ ਕਰਦੇ ਮਜ਼ਦੂਰਾਂ ਦੀ ਸਥਿਤੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਦਿਆਂ ਦੱਸਿਆ ਕਿ ਕੇਂਦਰ ਦੀਆਂ ਨੀਤੀਆਂ ਕਾਰਨ ਗਰੀਬ ਵਰਗ ਨੂੰ ਰੁਜ਼ਗਾਰ ਤੇ ਮਜ਼ਦੂਰੀ ਦੋਵਾਂ ਵਿਚ ਨੁਕਸਾਨ ਹੋ ਰਿਹਾ ਹੈ। ਡਾਲਵੀ ਨੇ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਮਨਰੇਗਾ ਦੀ ਰੱਖਿਆ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਰ ਮੋਰਚੇ ’ਤੇ ਲੜਾਈ ਲੜੇਗੀ। ਇਸ ਤੋਂ ਇਲਾਵਾ, “ਮਨਰੇਗਾ ਬਚਾਓ ਸੰਗਰਾਮ ਮੁਹਿੰਮ” ਤਹਿਤ ਸ਼ੁਭਮ ਸੈਣੀ ਨੇ ਤਲਵੰਡੀ ਸਾਬੋ ਤੋਂ ਮੁੱਖ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਲੈ ਕੇ ਭੁੱਚੋ ਮੰਡੀ ਦੀ ਅਨਾਜ ਮੰਡੀ ਲਹਿਰਾ ਬੈਗਾ ਵਿਖੇ ਹੋਈ ਕਾਂਗਰਸ ਦੀ ਵਿਸ਼ਾਲ ਰੈਲੀ ਵਿਚ ਸ਼ਮੂਲੀਅਤ ਕੀਤੀ। ਰੈਲੀ ਦੌਰਾਨ ਮਨਰੇਗਾ ਨੂੰ ਕਮਜ਼ੋਰ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਨਰੇਗਾ ਗਰੀਬਾਂ ਦੀ ਜ਼ਿੰਦਗੀ ਦੀ ਆਸ ਹੈ ਅਤੇ ਇਸ ’ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਤਲਵੰਡੀ ਸਾਬੋ ਦੇ ਵਰਕਰ ਆਉਣ ਵਾਲੇ ਸਮੇਂ ’ਚ ਵੀ ਮਨਰੇਗਾ ਬਚਾਓ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਗੇ।