ਰਾਤ ਦੀ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਗਰਮ ਦੁੱਧ ਤੇ ਸੂਪ
ਰਾਤ ਦੀ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਮਿਲੇਗਾ ਗਰਮ ਦੁੱਧ ਅਤੇ ਸੂਪ
Publish Date: Fri, 09 Jan 2026 07:55 PM (IST)
Updated Date: Sat, 10 Jan 2026 04:07 AM (IST)

ਫੋਟੋ: 3 ਕੈਪਸ਼ਨ: ਰਾਤ ਦੀ ਡਿਊਟੀ ਦੌਰਾਨ ਗਰਮ ਦੁੱਧ ਪੀਂਦੇ ਹੋਏ ਪੁਲਿਸ ਮੁਲਾਜਮ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੁਲਿਸ ਪ੍ਰਸ਼ਾਸਨ ਨੇ ਰਾਤ ਸਮੇਂ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਦਿਆਂ ਇਕ ਸ਼ਲਾਘਾਯੋਗ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਲੜੀ ਤਹਿਤ ਬਠਿੰਡਾ ਪੁਲਿਸ ਨੇ ਫ਼ੈਸਲਾ ਕੀਤਾ ਹੈ ਕਿ ਰਾਤ ਦੀ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਗਰਮ ਦੁੱਧ ਤੇ ਸੂਪ ਪ੍ਰਦਾਨ ਕੀਤਾ ਜਾਵੇਗਾ। ਇਸ ਪਹਿਲ ਦਾ ਮਕਸਦ ਪੁਲਿਸ ਕਰਮਚਾਰੀਆਂ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਨਾ ਤੇ ਥਕਾਵਟ ਘਟਾਉਣਾ ਹੈ ਤਾਂ ਜੋ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਨਾਲ ਨਿਭਾਅ ਸਕਣ। ਪੁਲਿਸ ਮੁਲਾਜ਼ਮਾਂ ਲਈ ਰਾਤ ਨੂੰ ਡਿਊਟੀ ਕਰਨਾ ਹਮੇਸ਼ਾ ਹੀ ਇਕ ਚੁਣੌਤੀਪੂਰਨ ਕੰਮ ਰਿਹਾ ਹੈ। ਇਸ ਨੂੰ ਦੇਖਦਿਆਂ ਪੁਲਿਸ ਵਿਭਾਗ ਨੇ ਮਨੁਖੱਤਾ ਤੇ ਸੰਵੇਦਨਸ਼ੀਲਤਾ ਦਾ ਝੰਡਾ ਲਹਿਰਾਉਂਦਿਆਂ ਇਹ ਕਦਮ ਚੁੱਕਿਆ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੌਸ਼ਟਿਕ ਤੇ ਗਰਮ ਤਰਲ ਚੀਜ਼ਾਂ ਨਾ ਸਿਰਫ਼ ਸਿਹਤ ਲਈ ਲਾਭਦਾਇਕ ਹੋਣਗੀਆਂ, ਸਗੋਂ ਇਸ ਨਾਲ ਮੁਲਾਜ਼ਮਾਂ ਦਾ ਮਨੋਬਲ ਵੀ ਵਧੇਗਾ। ਦੁੱਧ ਅਤੇ ਸੂਪ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਠੰਢ ਤੋਂ ਬਚਾਅ ਵਿਚ ਵੀ ਮਦਦਗਾਰ ਸਾਬਤ ਹੋਵੇਗਾ। ਇਸ ਯੋਜਨਾ ਤਹਿਤ ਸ਼ਹਿਰ ਦੇ ਵੱਖ-ਵੱਖ ਥਾਣਿਆਂ, ਚੌਕੀਆਂ ਤੇ ਨਾਕਿਆਂ ’ਤੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਲਈ ਨਿਯਮਿਤ ਤੌਰ ’ਤੇ ਗਰਮ ਦੁੱਧ ਤੇ ਸੂਪ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਰਾਤ ਸਮੇਂ ਵੱਖ-ਵੱਖ ਥਾਵਾਂ ’ਤੇ ਜਾ ਕੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਤੱਕ ਇਹ ਸੁਵਿਧਾ ਪਹੁੰਚਾਉਣਗੀਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਇਹ ਯੋਜਨਾ ਸ਼ਹਿਰ ਦੇ ਮੁੱਖ ਖੇਤਰਾਂ ’ਚ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਪੇਂਡੂ ਖੇਤਰਾਂ ਵਿਚ ਵੀ ਲਾਗੂ ਕੀਤਾ ਜਾਵੇਗਾ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਰਾਤ ਸਮੇਂ ਠੰਢ ਦੇ ਮੌਸਮ ਵਿਚ ਵਿਭਾਗ ਵੱਲੋਂ ਮਿਲ ਰਿਹਾ ਗਰਮ ਦੁੱਧ ਅਤੇ ਸੂਪ ਉਨ੍ਹਾਂ ਲਈ ਵੱਡੀ ਰਾਹਤ ਹੈ। ਇਸ ਨਾਲ ਉਹ ਠੰਢ ਵਿਚ ਵੀ ਤੰਦਰੁਸਤ ਰਹਿ ਕੇ ਆਪਣੇ ਫਰਜ ਨੂੰ ਨਿਭਾ ਸਕਣਗੇ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਨਤਾ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਸਮਾਜ ਦੀ ਰੀੜ੍ਹ ਦੀ ਹੱਡੀ ਹਨ, ਇਸ ਲਈ ਉਨ੍ਹਾਂ ਦਾ ਧਿਆਨ ਰੱਖਣਾ ਵਿਭਾਗ ਦੀ ਜ਼ਿੰਮੇਵਾਰੀ ਹੈ। ਵਿਭਾਗ ਨੂੰ ਉਮੀਦ ਹੈ ਕਿ ਇਹ ਪਹਿਲ ਹੋਰ ਜ਼ਿਲ੍ਹਿਆਂ ਲਈ ਵੀ ਇਕ ਉਦਾਹਰਨ ਬਣੇਗੀ।