ਚੋਣ ਡਿਊਟੀ ਦੌਰਾਨ ਮ੍ਰਿਤਕ ਅਧਿਆਪਕ ਜੋੜੇ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ
ਚੋਣ ਡਿਊਟੀ ਦੌਰਾਨ ਮ੍ਰਿਤਕ ਅਧਿਆਪਕ ਜੋੜੇ ਨੂੰ
Publish Date: Fri, 09 Jan 2026 08:10 PM (IST)
Updated Date: Fri, 09 Jan 2026 08:12 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਜ਼ਿਲ੍ਹਾ ਮੋਗਾ ਵਿਚ ਚੋਣ ਡਿਊਟੀ ਨਿਭਾਉਣ ਜਾ ਰਹੇ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੇ ਰੋਸ ਵਜੋਂ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਬਠਿੰਡਾ ਵਿੱਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਇਸ ਹਾਦਸੇ ਵਿਚ ਪਰਮਜੀਤ ਕੌਰ ਸਮਾਣਾ ਅਤੇ ਗੁਰਵਿੰਦਰ ਸਿੰਘ ਪਾਤੜਾਂ ਦੇ ਗੰਭੀਰ ਰੂਪ ਵਿਚ ਜਖਮੀ ਹੋਣ ’ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਕੈਂਡਲ ਮਾਰਚ ਦੌਰਾਨ ਡੈਮੋਕ੍ਰੇਟਿਕ ਟੀਚਰ ਫਰੰਟ ਬਠਿੰਡਾ ਦੇ ਪ੍ਰਧਾਨ ਬਲਜਿੰਦਰ ਸਿੰਘ, ਡੀਟੀਐੱਫ (ਵਿਕਰਮਦੇਵ) ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕੋ-ਕਨਵੀਨਰ ਜਗਸੀਰ ਸਿੰਘ ਸਹੋਤਾ, ਜੀਟੀਆਯੂ ਤੋਂ ਬਲਦੇਵ ਸਿੰਘ, ਅਧਿਆਪਕ ਦਲ ਤੋਂ ਜਗਤਾਰ ਸਿੰਘ ਬਾਠ, 6635 ਅਧਿਆਪਕ ਜਥੇਬੰਦੀ ਤੋਂ ਕੁਲਦੀਪ ਸਿੰਘ ਖੋਖਰ, ਸ਼ਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਗੁਰਬਖਸ਼ ਲਾਲ ਨੇ ਸਾਂਝੇ ਤੌਰ ’ਤੇ ਸਰਕਾਰ ਦੀ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਦੂਰ-ਦੁਰਾਡੇ ਡਿਊਟੀਆਂ ਲਗਾਉਣਾ ਪ੍ਰਸ਼ਾਸਨ ਦੀ ਗੰਭੀਰ ਅਣਗਹਿਲੀ ਹੈ, ਜਿਸ ਦਾ ਨਤੀਜਾ ਇਹ ਦਰਦਨਾਕ ਹਾਦਸਾ ਬਣਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਧਿਆਪਕ ਜੋੜੇ ਦੇ ਪਿੱਛੇ ਛੋਟੇ ਬੱਚੇ ਰਹਿ ਗਏ ਹਨ ਅਤੇ ਸਰਕਾਰ ਵੱਲੋਂ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਨਾਕਾਫ਼ੀ ਹੈ। ਅਧਿਆਪਕ ਜਥੇਬੰਦੀਆਂ ਅਤੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਕਿ ਬੱਚਿਆਂ ਨੂੰ ਮੁਫ਼ਤ ਸਿੱਖਿਆ, ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇੱਕ-ਇੱਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ, ਚੋਣ ਡਿਊਟੀ ਦੌਰਾਨ ਜ਼ਖ਼ਮੀ ਹੋਏ ਅਧਿਆਪਕਾਂ ਦੀ ਵੀ ਤੁਰੰਤ ਸਾਰ ਲਈ ਜਾਵੇ। ਆਗੂਆਂ ਨੇ ਦੋਸ਼ ਲਗਾਇਆ ਕਿ ਚੋਣਾਂ ਸਮੇਂ ਮੁਲਾਜ਼ਮਾਂ ਲਈ ਨਾ ਯੋਗ ਖਾਣ-ਪੀਣ, ਨਾ ਰਿਹਾਇਸ਼ ਅਤੇ ਨਾ ਹੀ ਡਿਊਟੀ ਤੋਂ ਬਾਅਦ ਘਰ ਪਹੁੰਚਣ ਦੇ ਪ੍ਰਬੰਧ ਕੀਤੇ ਜਾਂਦੇ ਹਨ, ਉੱਪਰੋਂ ਰਿਹਰਸਲਾਂ ਦੌਰਾਨ ਧਮਕੀਆਂ ਅਤੇ ਮਾੜਾ ਵਿਵਹਾਰ ਆਮ ਗੱਲ ਹੈ। ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 18 ਜਨਵਰੀ ਨੂੰ ਮੋਗਾ ਵਿਚ ਵੱਡਾ ਇਕੱਠ ਕਰ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਡੀਟੀਐੱਫ ਦੇ ਸਕੱਤਰ ਜਸਵਿੰਦਰ ਸਿੰਘ, ਬੇਅੰਤ ਸਿੰਘ ਫੂਲੇਵਾਲਾ, ਰੇਸ਼ਮ ਸਿੰਘ ਖੇਮੋਆਣਾ, ਪੈਨਸ਼ਨਰ ਐਸੋਸੀਏਸ਼ਨ ਦੇ ਦਰਸ਼ਨ ਸਿੰਘ ਮੌੜ ਅਤੇ ਡੀਐੱਮਐੱਫ ਦੇ ਆਗੂ ਸਿਕੰਦਰ ਸਿੰਘ ਧਾਲੀਵਾਲ ਸਮੇਤ ਹੋਰ ਕਈ ਆਗੂ ਹਾਜ਼ਰ ਸਨ।