- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਵਿੱਚੋਂ ਖਾਣ-ਪੀਣ ਦੀਆਂ ਵਸਤਾਂ ਦੇ 8 ਸੈਂਪਲ ਭਰੇ

- ਗਚਕ-ਰਿਓੜੀਆਂ ਫੈਕਟਰੀਆਂ ਤੇ ਦੁਕਾਨਾਂ ’ਤੇ ਕੀਤੀ ਛਾਪੇਮਾਰੀ, ਸਾਫ-ਸਫ਼ਾਈ ਦੇ ਦਿੱਤੇ ਨਿਰਦੇਸ਼
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਦੀਆਂ ਦੇ ਮੌਸਮ ਦੌਰਾਨ ਗਚਕ, ਰਿਓੜੀਆਂ, ਮਰੂੰਡੇ ਵਰਗੀਆਂ ਰਵਾਇਤੀ ਮਠਿਆਈਆਂ ਦੀ ਖਪਤ ਵੱਧ ਜਾਂਦੀ ਹੈ। ਇਸ ਨਾਲ ਮਿਲਾਵਟਖੋਰੀ ਅਤੇ ਘਟੀਆ ਗੁਣਵੱਤਾ ਵਾਲੇ ਉਤਪਾਦ ਬਾਜ਼ਾਰ ਵਿੱਚ ਆਉਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਵਿਚ ਖ਼ਾਸ ਮੁਹਿੰਮ ਸ਼ੁਰੂ ਕਰ ਕੇ ਉਤਪਾਦਾਂ ਦੀ ਜਾਂਚ ਸ਼ੁਰੂ ਕੀਤੀ। ਮੁਹਿੰਮ ਦੇ ਦੌਰਾਨ ਟੀਮ ਨੇ ਸ਼ੁੱਕਰਵਾਰ ਨੂੰ ਕਈ ਫੈਕਟਰੀਆਂ ਅਤੇ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਅਤੇ ਨਮੂਨੇ ਇਕੱਠੇ ਕੀਤੇ। ਅਭਿਆਨ ਦੀ ਅਗਵਾਈ ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਕੀਤੀ। ਉਨ੍ਹਾਂ ਦੇ ਨਾਲ ਫੂਡ ਸੇਫਟੀ ਅਫਸਰ ਨਵਦੀਪ ਸਿੰਘ ਅਤੇ ਸੁਧੀਰ ਸਿੰਗਲਾ, ਵਿਭਾਗੀ ਟੀਮ ਦੇ ਮੈਂਬਰ ਵਿਕਾਸ ਅਤੇ ਸਿਕੰਦਰ ਸਿੰਘ ਵੀ ਮੌਜੂਦ ਸਨ। ਟੀਮ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਦਿਆਂ ਗਜਕ, ਰੇਵੜੀ ਅਤੇ ਮਰੂੰਡਾ ਬਣਾਉਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ। ਇਸ ਦੌਰਾਨ ਕੁੱਲ 8 ਨਮੂਨੇ ਇਕੱਠੇ ਕੀਤੇ ਗਏ, ਜੋ ਲੈਬ ਵਿਚ ਜਾਂਚ ਲਈ ਭੇਜੇ ਜਾਣਗੇ।
ਜਾਂਚ ਦੌਰਾਨ ਰਾਮਬਾਗ ਰੋਡ ’ਤੇ ਇੱਕ ਗਚਕ ਫੈਕਟਰੀ ਦੇ ਨਿਰੀਖਣ ਤੋਂ ਪਤਾ ਲੱਗਾ ਕਿ ਇਹ ਫੈਕਟਰੀ ਪਿਛਲੇ ਤਿੰਨ ਸਾਲਾਂ ਤੋਂ ਬੰਦ ਸੀ। ਇਸ ਸਮੇਂ ਇੱਥੇ ਗੰਨੇ ਦੀ ਖਰੀਦ-ਫਰੋਖਤ ਦਾ ਕੰਮ ਚੱਲ ਰਿਹਾ ਹੈ। ਵਿਭਾਗ ਨੇ ਮਾਲਕ ਤੋਂ ਜ਼ਰੂਰੀ ਦਸਤਾਵੇਜ਼ ਅਤੇ ਸਪਸ਼ਟੀਕਰਨ ਮੰਗਿਆ। ਇਸ ਤੋਂ ਇਲਾਵਾ ਬਲਰਾਜ ਨਗਰ ਵਿੱਚ ਹੋਰ ਗਚਕ ਫੈਕਟਰੀ ਦੀ ਜਾਂਚ ਦੌਰਾਨ ਸਾਫ–ਸਫ਼ਾਈ ਦੇ ਮਿਆਰ ਵਿਚ ਘਾਟ ਪਾਈ ਗਈ। ਵਿਭਾਗ ਨੇ ਫੈਕਟਰੀ ਚਲਾਉਣ ਵਾਲੇ ਨੂੰ ਨੋਟਿਸ ਜਾਰੀ ਕਰ ਕੇ ਉਤਪਾਦਨ ਸਥਾਨ ਤੇ ਸਾਫ–ਸਫ਼ਾਈ, ਵੈਂਟੀਲੇਸ਼ਨ, ਕੱਚੇ ਮਾਲ ਦਾ ਸੁਰੱਖਿਅਤ ਸਟੋਰੇਜ ਅਤੇ ਕਰਮਚਾਰੀਆਂ ਦੀ ਨਿੱਜੀ ਸਫ਼ਾਈ ਸੁਨਿਸ਼ਚਿਤ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਦੁਬਾਰਾ ਜਾਂਚ ਵਿਚ ਖ਼ਾਮੀਆਂ ਮਿਲਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਟੀਮ ਨੇ ਸ਼ਹਿਰ ਦੀਆਂ ਹੋਰ ਦੁਕਾਨਾਂ ਦੀ ਵੀ ਜਾਂਚ ਕੀਤੀ। ਜ਼ਿਆਦਾਤਰ ਦੁਕਾਨਾਂ ਦੇ ਫੂਡ ਸੇਫਟੀ ਲਾਇਸੰਸ ਠੀਕ ਪਾਏ ਗਏ। ਫਿਰ ਵੀ ਸਾਰੇ ਦੁਕਾਨਦਾਰਾਂ ਨੂੰ ਸਾਫ-ਸਫ਼ਾਈ ਬਣਾਈ ਰੱਖਣ, ਮਿਲਾਵਟੀ ਸਮੱਗਰੀ ਤੋਂ ਬਚਣ ਅਤੇ ਉਪਭੋਗਤਾਵਾਂ ਨੂੰ ਗੁਣਵੱਤਾ ਵਾਲਾ ਸਮਾਨ ਮੁਹੱਈਆ ਕਰਨ ਲਈ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਫੂਡ ਸੇਫਟੀ ਐਕਟ ਦੇ ਉਲੰਘਣਾ ਤੇ ਲਾਇਸੰਸ ਰੱਦ ਜਾਂ ਜੁਰਮਾਨਾ ਲੱਗ ਸਕਦਾ ਹੈ। ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਖਰੀਦਦਾਰੀ ਸਮੇਂ ਪੈਕਿੰਗ, ਲਾਇਸੰਸ ਨੰਬਰ ਅਤੇ ਸਾਫ-ਸਫ਼ਾਈ ਦਾ ਧਿਆਨ ਰੱਖਣ ਅਤੇ ਸ਼ੱਕੀ ਸਾਮਾਨ ਬਾਰੇ ਫੂਡ ਸੇਫਟੀ ਵਿਭਾਗ ਨੂੰ ਜਾਣੂ ਕਰਵਾਉਣ। ਵਿਭਾਗ ਨੇ ਲੋਕਾਂ ਨੂੰ ਮਿਲਾਵਟੀ ਉਤਪਾਦਾਂ ਤੋਂ ਬਚਣ ਅਤੇ ਲੋੜ ਪੈਣ ਤੇ ਹੈਲਪਲਾਈਨ ਜਾਂ ਨਜ਼ਦੀਕੀ ਫੂਡ ਸੇਫਟੀ ਅਫਸਰ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ।