ਸੀਤ ਲਹਿਰ ਦਾ ਕਹਿਰ ਜਾਰੀ, ਕੋਲਡ-ਡੇ ਦੇ ਬਾਵਜੂਦ ਵੀ ਠੰਢ ਤੋਂ ਰਾਹਤ ਨਹੀਂ
ਬਠਿੰਡਾ ‘ਚ ਸੀਤ ਲਹਿਰ ਦਾ ਕਹਿਰ ਜਾਰੀ, ਕੋਲਡ-ਡੇ ਦੇ ਬਾਵਜੂਦ ਵੀ ਠੰਡ ਤੋਂ ਕੋਈ ਰਾਹਤ ਨਹੀਂ
Publish Date: Fri, 09 Jan 2026 05:44 PM (IST)
Updated Date: Fri, 09 Jan 2026 05:48 PM (IST)

- ਸ਼ੱਕਰਵਾਰ ਦੁਪਿਹਰ ਨੂੰ ਧੁੱਪ ਨਿਕਲਣ ਦੇ ਬਾਵਜੂਦ ਠਿਠੁਰਨ ਬਰਕਰਾਰ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿਚ ਜਨਵਰੀ ਦੀ ਸ਼ੁਰੂਆਤ ਦੇ ਨਾਲ ਹੀ ਕੜਾਕੇ ਦੀ ਠੰਢ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲਗਾਤਾਰ ਦੋ ਦਿਨ ਕੋਲਡ-ਡੇ ਦਰਜ ਹੋਣ ਦੇ ਬਾਵਜੂਦ ਵੀ ਸ਼ੁੱਕਰਵਾਰ ਨੂੰ ਦੁਪਹਿਰ ਨੂੰ ਧੁੱਪ ਨਿਕਲਣ ਦੇ ਬਾਵਜੂਦ ਲੋਕਾਂ ਨੂੰ ਠੰਢ ਤੋਂ ਖ਼ਾਸ ਰਾਹਤ ਨਹੀਂ ਮਿਲੀ। ਮੌਸਮ ਵਿਭਾਗ ਅਨੁਸਾਰ 9 ਜਨਵਰੀ ਨੂੰ ਬਠਿੰਡਾ ਦਾ ਘਟੋਂ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 13.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਕੋਲਡ-ਡੇ ਤੋਂ ਥੋੜ੍ਹਾ ਉੱਪਰ ਸੀ, ਪਰ ਵਾਤਾਵਰਣ ਵਿਚ ਵਿਆਪਕ ਨਮੀ ਅਤੇ ਠੰਢੀਆਂ ਹਵਾਵਾਂ ਕਾਰਨ ਠੰਢ ਘੱਟ ਨਹੀਂ ਹੋੋਈ। ਇਸ ਦਿਨ ਵੱਧ ਤੋਂ ਵੱਧ ਨਮੀ 97 ਫ਼ੀਸਦੀ ਤੇ ਘੱਟ ਤੋਂ ਘੱਟ ਨਮੀ 75 ਫ਼ੀਸਦੀ ਰਹੀ। ਇਸ ਦੌਰਾਨ ਹਵਾ ਦੀ ਗਤੀ 2.3 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਲਗਾਤਾਰ ਠੰਢ ਅਤੇ ਨਮੀ ਕਾਰਨ ਜ਼ਿਲ੍ਹੇ ਵਿਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਰਹੀ। ਸਵੇਰੇ ਅਤੇ ਸ਼ਾਮ ਦੇ ਸਮੇਂ ਸੜਕਾਂ ’ਤੇ ਆਵਾਜਾਈ ਘੱਟ ਦਿਖਾਈ ਦੇ ਰਹੀ ਸੀ। ਠੰਢ ਦੇ ਮੌਸਮ ਦੌਰਾਨ ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਬਾਜ਼ਾਰਾਂ ਵਿਚ ਵੀ ਹਲਚਲ ਘੱਟ ਰਹੀ, ਹਾਲਾਂਕਿ ਦੁਪਹਿਰ ਦੇ ਸਮੇਂ ਧੁੱਪ ਨਿਕਲਣ ਨਾਲ ਕੁਝ ਚਹਿਲ-ਪਹਿਲ ਵਧੀ। ਆਉਣ ਵਾਲੇ ਦਿਨਾਂ ਵਿਚ ਵੀ ਸਵੇਰੇ-ਸ਼ਾਮ ਸੰਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਦੇ ਚੱਲਣ ਦੀ ਸੰਭਾਵਨਾ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣ, ਸਵੇਰੇ ਅਤੇ ਸ਼ਾਮ ਨੂੰ ਬਾਹਰ ਜਾਣ ਤੋਂ ਬਚਣ ਅਤੇ ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ। ਹਾਲਾਂਕਿ ਇਸ ਸਮੇਂ ਬਠਿੰਡਾ ਵਿਚ ਸਰਦੀ ਘੱਟਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ ਹਨ।