ਹੋਮਗਾਰਡ ਜਵਾਨ ਖ਼ਿਲਾਫ਼ ਕਾਰਵਾਈ, ਪ੍ਰਾਈਵੇਟ ਕਾਰ ’ਤੇ ਪੁਲਿਸ ਦਾ ਹਾਰਨ ਲਾਉਣ ਦਾ ਮਾਮਲਾ ਵਾਇਰਲ
ਬਠਿੰਡਾ ਵਿਚ ਹੋਮਗਾਰਡ ਜਵਾਨ ਖਿਲਾਫ਼ ਸਖ਼ਤ ਕਾਰਵਾਈ, ਪ੍ਰਾਈਵੇਟ ਕਾਰ 'ਤੇ ਪੁਲਿਸ ਦਾ ਹਾਰਨ ਲਗਾਉਣ ਦਾ ਮਾਮਲਾ ਵਾਇਰਲ
Publish Date: Fri, 09 Jan 2026 05:34 PM (IST)
Updated Date: Fri, 09 Jan 2026 05:36 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਕ ਹੋਮਗਾਰਡ ਜਵਾਨ ਵੱਲੋਂ ਆਪਣੀ ਨਿੱਜੀ ਕਾਰ ’ਤੇ ਪੁਲਿਸ ਦਾ ਸਾਇਰਨ ਅਤੇ ਕਾਰ ਦੇ ਸ਼ੀਸ਼ੇ ’ਤੇ ਕਾਲੀ ਫਿਲਮ ਲਗਾ ਕੇ ਸੜਕ ’ਤੇ ਡਰਾਈਵ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਜਵਾਨ ਦਾ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਗਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਟ੍ਰੈਫਿਕ ਪੁਲਿਸ ਹਰਕਤ ਵਿਚ ਆ ਗਈ ਅਤੇ ਡਰਾਈਵਰ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ। ਡੀਐੱਸਪੀ ਟ੍ਰੈਫਿਕ ਮਨਜੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਰੋਕਿਆ ਅਤੇ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਜਵਾਨ ਨੇ ਆਪਣੀ ਨਿੱਜੀ ਕਾਰ ’ਤੇ ਪੁਲਿਸ ਹੂਟਰ ਲਗਾਇਆ ਹੋਇਆ ਸੀ ਅਤੇ ਕਾਰ ਦੇ ਸ਼ੀਸ਼ੇ ’ਤੇ ਕਾਲੀ ਫਿਲਮ ਲਗਾਈ ਹੋਈ ਸੀ। ਟ੍ਰੈਫਿਕ ਪੁਲਿਸ ਨੇ ਕਾਰ ਦਾ ਚਾਲਾਨ ਕੱਟਿਆ ਅਤੇ ਕਾਨੂੰਨੀ ਕਾਰਵਾਈ ਅਨੁਸਾਰ ਕਾਰਵਾਈ ਕੀਤੀ। ਡੀਐੱਸਪੀ ਮਨਜੀਤ ਸਿੰਘ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ। ਉਨ੍ਹਾਂ ਨੇ ਵਾਅਦਾ ਕੀਤਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਮਾਮਲਿਆਂ ‘ਤੇ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਕਿ ਲੋਕਾਂ ਵਿਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਅਤੇ ਅਨੁਸ਼ਾਸਨ ਬਣਿਆ ਰਹੇ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਨ ਨਾਲ ਲੋਕਾਂ ਨੂੰ ਇਹ ਸੁਨੇਹਾ ਗਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸੂਰਤ ਵਿਚ ਬਖਸ਼ੇ ਨਹੀਂ ਜਾਣਗੇ।