ਪੰਜਾਬ ਸਰਕਾਰ ਮੁਲਾਜ਼ਮਾਂ ਦੀ ਦਸੰਬਰ ਮਹੀਨੇ ਦੀ ਤਨਖਾਹ ਜਾਰੀ ਕਰਨ ’ਚ ਅਸਫਲ
ਪੰਜਾਬ ਸਰਕਾਰ ਮੁਲਾਜ਼ਮਾਂ ਦੀ ਦਸੰਬਰ ਮਹੀਨੇ ਦੀ ਤਨਖਾਹ ਜਾਰੀ ਕਰਨ ਵਿਚ ਅਸਫਲ
Publish Date: Fri, 09 Jan 2026 05:25 PM (IST)
Updated Date: Fri, 09 Jan 2026 05:27 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਵਿਚ ਅਸਫਲ ਹੋ ਗਈ ਹੈ। ਬਠਿੰਡਾ ਖਜ਼ਾਨਾ ਦਫਤਰ ਵਿਚ ਦਸੰਬਰ 2025 ਲਈ 8 ਕਰੋੜ ਰੁਪਏ ਦੇ ਬਿੱਲ ਬਜਟ ਨਾ ਹੋਣ ਕਾਰਨ ਅਟਕ ਗਏ ਹਨ। ਇਸ ਮਾਮਲੇ ’ਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਸਕੱਤਰ ਰੇਸ਼ਮ ਸਿੰਘ, ਬਠਿੰਡਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ। ਜਥੇਬੰਦੀ ਦੇ ਪ੍ਰਧਾਨ ਵਿਕਾਸ ਗਰਗ, ਡੈਕਟ ਸਕੱਤਰ ਅਨਿਲ ਭੱਟ, ਜਥੇਬੰਦੀ ਸਕੱਤਰ ਕੁਲਵਿੰਦਰ ਸਿੰਘ ਬਿਰਕ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਦੱਸਿਆ ਕਿ ਖਜ਼ਾਨਾ ਅਫਸਰਾਂ ਨਾਲ ਗੱਲਬਾਤ ਵਿਚ ਇਹ ਜਾਣਕਾਰੀ ਮਿਲੀ ਕਿ ਸਰਕਾਰ ਵੱਲੋਂ ਹਦਾਇਤਾਂ ਨਾ ਹੋਣ ਕਾਰਨ ਤਨਖਾਹਾਂ ਦੇ ਬਿੱਲ ਪਾਸ ਨਹੀਂ ਕੀਤੇ ਜਾ ਰਹੇ। ਜਥੇਬੰਦੀ ਨੇ ਸਰਕਾਰ ਉੱਤੇ ਆਰਥਿਕ ਤੌਰ ’ਤੇ ਨਾਕਾਮੀ ਦਾ ਦੋਸ਼ ਲਗਾਇਆ। ਮੁਲਾਜ਼ਮਾਂ ਨੂੰ 16 ਫੀਸਦੀ ਮਹਿੰਗਾਈ ਭੱਤਾ, 37 ਕਿਸਮ ਦੇ ਹੋਰ ਭੱਤੇ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਸਰਕਾਰ ਵੱਲੋਂ ਅਜੇ ਤਕ ਨਹੀਂ ਕੀਤਾ ਗਿਆ। ਇਸ ਕਾਰਵਾਈ ਦੇ ਬਾਵਜੂਦ ਸਰਕਾਰ ਚੋਣ ਦੇ ਸਾਲ ਵਿਚ ਆਪਣੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਫਲ ਰਹੀ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਲ 2026 ਵਿੱਚ ਸਰਕਾਰ ਮੁਲਾਜ਼ਮਾਂ ਦੀਆਂ ਆਰਥਿਕ ਮੰਗਾਂ ਪੂਰੀਆਂ ਨਹੀਂ ਕਰਦੀ, ਤਾਂ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਛੇੜੇਗੀ। ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਰਾਜਵਿੰਦਰ ਸਿੰਘ ਜਲਾਲ, ਬਲਕਰਨ ਸਿੰਘ, ਕੋਟਸਮੀਰ ਅਤੇ ਅਸ਼ਵਨੀ ਡੱਬਵਾਲੀ ਨੇ ਵੀ ਸਰਕਾਰ ਦੀ ਨਾਕਾਮੀ ’ਤੇ ਚਿੰਤਾ ਜਾਹਿਰ ਕੀਤੀ।