ਹਰ ਮਹੀਨੇ 9 ਤੇ 23 ਨੂੰ ਲੱਗਣਗੇ ਜੱਚਾ-ਬੱਚਾ ਸਿਹਤ ਕੈਂਪ
ਹਰ ਮਹੀਨੇ 9 ਅਤੇ 23 ਨੂੰ ਲੱਗਣਗੇ ਜੱਚਾ-ਬੱਚਾ ਸਿਹਤ ਕੈਂਪ
Publish Date: Fri, 09 Jan 2026 05:21 PM (IST)
Updated Date: Fri, 09 Jan 2026 05:24 PM (IST)

- ਮਾਵਾਂ ਨੂੰ ਜਾਗਰੂਕ ਮਾਂ ਬਣਨ ਦਾ ਦਿੱਤਾ ਸੱਦਾ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਹਰੇਕ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਮਾਤ੍ਰਤਿਵ ਅਭਿਆਨ ਤਹਿਤ ਜੱਚਾ-ਬੱਚਾ ਦੀ ਵਿਸ਼ੇਸ਼ ਦੇਖਭਾਲ ਲਈ ਕੈਪ ਲਗਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਤਪਿੰਦਰਜੋਤ ਨੇ ਦੱਸਿਆ ਕਿ ਗਰਭਵਤੀ ਔਰਤਾਂ ਖਾਸ ਕਰ ਕੇ ਖਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦਾ ਸਾਰੇ ਸਰਕਾਰੀ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾਂਦੇ ਹਨ। ਇਸ ਦੌਰਾਨ ਗਰਭਵਤੀ ਔਰਤਾਂ ਖਾਸ ਕਰ ਕੇ ਖਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦਾ ਬਲੱਡ ਪ੍ਰੈਸ਼ਰ, ਆਇਰਨ, ਕੈਲਸ਼ੀਅਮ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਾਉਣ ਦੀ ਸਲਾਹ ਦਿੱਤੀ ਜਾਦੀ ਹੈ। ਐੱਲਐੱਚਵੀ ਗੁਰਜਿੰਦਰ ਕੌਰ ਅਤੇ ਜਗਦੀਸ ਕੌਰ ਨੇ ਦੱਸਿਆ ਕਿ ਹਰ ਇਕ ਗਰਭਵਤੀ ਔਰਤ ਨੂੰ ਗਰਭ ਦੌਰਾਨ ਘੱਟੋਂ ਘੱਟ 4 ਵਾਰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਰਭਵਤੀ ਔਰਤ ਦੇ ਗਰਭ ਦੌਰਾਨ ਸਮੇਂ ਸਿਰ ਜਾਂਚ ਹੁੰਦੀ ਰਹੇ ਤਾਂ ਉਸ ਦਾ ਜਣੇਪਾ ਸੁਰੱਖਿਅਤ ਅਤੇ ਸੌਖਾ ਹੋ ਜਾਂਦਾ ਹੈ ਅਤੇ ਅਗੇਤੇ ਪ੍ਰਬੰਧ ਕਰ ਲਏ ਜਾਂਦੇ ਹਨ। ਉਨ੍ਹਾਂ ਮਾਵਾਂ ਨੂੰ ਜਾਗਰੂਕ ਮਾਂ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਨੂੰ ਗਰਭ ਦੌਰਾਨ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸੰਤੁਲਿਤ ਖੁਰਾਕ ਖਾਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬਾਜ਼ਾਰੂ ਖਾਣ-ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਮਾਂ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਵੇਗੀ ਤਾਂ ਹੀ ਉਹ ਇਕ ਤੰਦਰੁਸਤ ਬੱਚੇ ਨੂੰ ਜਨਮ ਦੇਵੇਗੀ। ਇਸ ਲਈ ਮਾਂਵਾਂ ਵਾਸਤੇ ਸਿਹਤ ਸਿੱਖਿਆ ਵੱਲ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਗਰਭ ਦੌਰਾਨ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ।